ਚੰਡੀਗੜ੍ਹ:ਭਾਰਤੀ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਦੇ ਇਨ੍ਹੀਂ ਦਿਨੀਂ ਅਦਾਕਾਰਾ ਸਾਰਾ ਅਲੀ ਖਾਨ ਨਾਲ ਡੇਟਿੰਗ ਦੇ ਚਰਚੇ ਹੋ ਰਹੇ ਹਨ। ਇਨ੍ਹਾਂ ਦੋਵਾਂ ਦੀ ਇਕ ਰੈਸਤਰਾਂ ਵਿਚ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਉਜ਼ਮਾ ਮਰਚੈਂਟ ਨੇ ਜਾਰੀ ਕੀਤੀ ਹੈ ਜਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁਭਮਨ ਤੇ ਸਾਰਾ ਮੁੰਬਈ ਦੇ ਇਕ ਰੈਸਤਰਾਂ ਵਿਚ ਖਾਣਾ ਖਾ ਰਹੇ ਹਨ। ਸੋਸ਼ਲ ਮੀਡੀਆ ’ਤੇ ਦੋਵਾਂ ਦੇ ਚਾਹੁਣ ਵਾਲਿਆਂ ਵੱਲੋਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਕ ਪ੍ਰਸ਼ੰਸਕ ਕਹਿ ਰਿਹਾ ਹੈ ਕਿ ਵੀਡੀਓ ਵਿਚ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਇਹ ਤਸਵੀਰ ਕਿੱਥੋਂ ਦੀ ਹੈ ਪਰ ਇਨ੍ਹਾਂ ਦੋਵਾਂ ਦੇ ਲੰਡਨ ਜਾਂ ਦੁਬਈ ਵਿਚ ਹੋਣ ਦੇ ਵੀ ਚਰਚੇ ਹਨ। ਭਾਰਤੀ ਟੀਮ ਇਸ ਵੇਲੇ ਯੂਏਈ ਵਿੱਚ ਏਸ਼ੀਆ ਕੱਪ ਦਾ ਹਿੱਸਾ ਹੈ ਪਰ ਸ਼ੁਭਮਨ ਗਿੱਲ ਇਸ ਵੇਲੇ ਭਾਰਤੀ ਟੀਮ ਦਾ ਹਿੱਸਾ ਨਹੀਂ ਹੈ। ਇਸ ਤੋਂ ਪਹਿਲਾਂ ਸ਼ੁਭਮਨ ਦੇ ਭਾਰਤੀ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨਾਲ ਦੋਸਤੀ ਦੀਆਂ ਖ਼ਬਰਾਂ ਸਨ ਪਰ ਹੁਣ ਇਨ੍ਹਾਂ ਦੋਵਾਂ ਦੀ ਦੋਸਤੀ ਟੁੱਟਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਕਿਉਂਕਿ ਦੋਵਾਂ ਨੇ ਇੰਸਟਾਗਰਾਮ ’ਤੇ ਇਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਹੈ ਕਿ ਸ਼ੁਭਮਨ ਗਿੱਲ ਦਾ ਝੁਕਾਅ ਹੁਣ ਸਾਰਾ ਤੇਂਦੁਲਕਰ ਤੋਂ ਸਾਰਾ ਅਲੀ ਖਾਨ ਵੱਲ ਹੋ ਗਿਆ ਹੈ। ਇਕ ਹੋਰ ਨੇ ਕਿਹਾ ਕਿ ਮਹਾਨ ਕ੍ਰਿਕਟਰ ਦੀ ਧੀ ਨਾਲ ਦੋਸਤੀ ਤੋਂ ਬਾਅਦ ਮਹਾਨ ਕ੍ਰਿਕਟਰ ਦੀ ਪੋਤੀ ਨਾਲ ਦੋਸਤੀ ਦੇ ਚਰਚੇ। ਦੱਸਣਾ ਬਣਦਾ ਹੈ ਕਿ ਸਾਰਾ ਅਲੀ ਖਾਨ ਬੌਲੀਵੁਡ ਅਦਾਕਾਰ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਹੈ।