ਨਵੀਂ ਦਿੱਲੀ:ਜੌੜੇ ਭਰਾਵਾਂ ਵਿਜੈਵੀਰ ਤੇ ਉਦੈਵੀਰ ਸਿੱਧੂ ਨੇ ਇੱਥੇ 64ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਜੂਨੀਅਰ ਪੁਰਸ਼ 25 ਪਿਸਟਲ ਮੁਕਾਬਲੇ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ ਜਿਸ ਨਾਲ ਪੰਜਾਬ ਤਗ਼ਮਾ ਸੂਚੀ ਵਿਚ ਪਹਿਲੇ ਸਥਾਨ ਉਤੇ ਪਹੁੰਚ ਗਿਆ। ਵਿਜੈਵੀਰ ਨੇ ਸ਼ਨਿਚਰਵਾਰ ਇੱਥੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ 587 ਦੇ ਸ਼ਾਟ (ਕੁੱਲ ਅੰਕ) ਨਾਲ ਉਦੈਵੀਰ ਨੂੰ ਪਿੱਛੇ ਛੱਡਿਆ। ਹਰਿਆਣਾ ਦਾ ਸ਼ਿਵ ਨਰਵਾਲ 582 ਅੰਕ ਲੈ ਕੇ ਤੀਸਰੇ ਸਥਾਨ ਉਤੇ ਰਿਹਾ। ਪੰਜਾਬ ਨੇ ਇਸੇ ਮੁਕਾਬਲੇ ਦੇ ਟੀਮ ਵਰਗ ਵਿਚ ਵੀ ਸੋਨ ਤਗ਼ਮਾ ਹਾਸਲ ਕੀਤਾ ਜਿਸ ਵਿਚ ਰਾਜਕੰਵਰ ਸਿੰਘ ਸੰਧੂ (577), ਫਤਿਹਜੀਤ (571) ਤੇ ਅਮਨਪ੍ਰੀਤ ਸਿੰਘ (569) ਨੇ ਮਿਲ ਕੇ 1717 ਅੰਕ ਬਣਾ ਕੇ ਹਰਿਆਣਾ (1715) ਨੂੰ ਪਿੱਛੇ ਛੱਡਿਆ। ਦਿੱਲੀ ਨੇ ਇਸ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ।