ਓਟਵਾ, 4 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਖੁਦ ਨੂੰ ਤੇ ਆਪਣੇ ਪਰਿਵਾਰਾਂ ਨੂੰ ਨੋਵਲ ਕੋਰੋਨਾਵਾਇਰਸ ਤੋਂ ਬਚਾ ਕੇ ਰੱਖਣ ਤੇ ਅਹਿਤਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ-19 ਬਾਰੇ ਫੈਲ ਰਹੀ ਗਲਤ ਜਾਣਕਾਰੀ ਤੋਂ ਵੀ ਬਚਣ ਲਈ ਆਖਿਆ ਜਾ ਰਿਹਾ ਹੈ।
ਟਰੂਡੋ ਨੇ ਕੋਵਿਡ-19 ਨੂੰ ਵੱਡੀ ਚੁਣੌਤੀ ਦੱਸਿਆ ਤੇ ਆਖਿਆ ਕਿ ਭਾਵੇਂ ਕੈਨੇਡਾ ਵਿੱਚ ਇਸ ਦਾ ਖਤਰਾ ਕਾਫੀ ਘੱਟ ਹੈ ਪਰ ਫੈਡਰਲ ਸਰਕਾਰ ਹਾਲਾਤ ਉੱਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹੁਣ ਲੱਗਭਗ ਹਰੇਕ ਮਹਾਦੀਪ ਉੱਤੇ ਫੈਲ ਚੱੁਕੇ ਇਸ ਵਾਇਰਸ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਕੁੱਝ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਮੰਗਲਵਾਰ ਨੂੰ ਕੈਨੇਡਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 30 ਤੱਕ ਅੱਪੜ ਗਈ ਤੇ ਦੁਨੀਆ ਭਰ ਵਿੱਚ ਇਸ ਦੇ 92,196 ਮਾਮਲੇ ਸਾਹਮਣੇ ਆ ਚੱੁਕੇ ਹਨ। ਹੁਣ ਤੱਕ ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ 3,129 ਲੋਕ ਮਾਰੇ ਜਾ ਚੁੱਕੇ ਹਨ। ਪਰ ਅਜੇ ਤੱਕ ਕੈਨੇਡਾ ਵਿੱਚ ਕੋਰੋਨਾਵਾਇਰਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਪਰ ਪਿੱਛੇ ਜਿਹੇ ਓਨਟਾਰੀਓ ਵਿੱਚ ਇਸ ਵਾਇਰਸ ਕਾਰਨ ਬਿਮਾਰ ਪਏ ਜਾਂ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 20 ਤੱਕ ਅੱਪੜ ਗਈ, ਅਜੇ 45 ਹੋਰ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਟਰੂਡੋ ਨੇ ਆਖਿਆ ਕਿ ਇਸ ਦੇ ਲੱਛਣ ਵੀ ਫਲੂ ਵਰਗੇ ਹੀ ਹੁੰਦੇ ਹਨ ਇਸ ਲਈ ਸਾਨੂੰ ਨਿਯਮਿਤ ਤੌਰ ਉੱਤੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਜਦੋਂ ਜੁ਼ਕਾਮ ਹੁੰਦਾ ਹੈ ਤਾਂ ਉਸ ਦੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਆਪਣੇ ਪਰਿਵਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਮੂੰਹ ਅੱਗੇ ਬਾਂਹ ਕਰਕੇ ਖੰਘਣਾ ਚਾਹੀਦਾ ਹੈ ਅਤੇ ਸਫਰ ਕਰਦੇ ਸਮੇਂ ਕੁਝ ਜਿ਼ਆਦਾ ਅਹਿਤਿਆਤ ਵਰਤਣੀ ਚਾਹੀਦੀ ਹੈ। ਕੋਵਿਡ-19 ਬਾਰੇ ਫੈਲ ਰਹੀ ਗਲਤ ਜਾਣਕਾਰੀ ਦੇ ਮੱਦੇਨਜ਼ਰ ਉਨ੍ਹਾਂ ਲੋਕਾਂ ਨੂੰ ਆਖਿਆ ਕਿ ਖੁਦ ਨੂੰ ਹੈਲਥ ਕੈਨੇਡਾ ਦੀ ਵੈਬਸਾਈਟ ਉੱਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਨਾਲ ਅਪਡੇਟ ਕਰਦੇ ਰਹਿਣ।