ਓਟਵਾ, 14 ਦਸੰਬਰ  : ਇਨ੍ਹਾਂ ਸਰਦੀਆਂ ਵਿੱਚ ਜੇ ਕੋਵਿਡ-19 ਕਾਰਨ ਮਾਮਲੇ ਇੱਕ ਵਾਰੀ ਫਿਰ ਵੱਧਦੇ ਹਨ ਤਾਂ ਫੈਡਰਲ ਸਰਕਾਰ ਕੈਨੇਡੀਅਨਜ਼ ਦੀ ਆਰਥਿਕ ਮਦਦ ਜ਼ਰੂਰ ਕਰੇਗੀ। ਇਹ ਗੱਲ ਫੈਡਰਲ ਸਰਕਾਰ ਨੇ ਆਖੀ।
ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਓਮਾਇਕ੍ਰੌਨ ਵੇਰੀਐਂਟ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਵਾਰੀ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਛੁੱਟੀਆਂ ਦੇ ਮਾਹੌਲ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਹੋਰ ਵਾਧਾ ਹੋਣ ਦਾ ਖਤਰਾ ਹੈ ਤੇ ਅਗਾਂਹ ਲਾਕਡਾਊਨਜ਼ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਟਰੂਡੋ ਨੇ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਲੋੜ ਪੈਣ ਉੱਤੇ ਸਰਕਾਰ ਆਰਥਿਕ ਮਦਦ ਮੁੜ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਆਖਿਆ ਕਿ ਹਾਊਸ ਆਫ ਕਾਮਨਜ਼ ਵਿੱਚ ਅਸੀਂ ਇਸ ਸਬੰਧ ਵਿੱਚ ਬਿੱਲ ਵੀ ਪੇਸ਼ ਕੀਤਾ ਹੋਇਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇ ਲੋਕਾਂ ਨੂੰ ਔਖਾ ਸਮਾਂ ਮੁੜ ਵੇਖਣਾ ਪੈਂਦਾ ਹੈ ਤੇ ਜੇ ਹੋਰ ਪਾਬੰਦੀਆਂ ਦੀ ਲੋੜ ਮਿਊਂਸਪੈਲਿਟੀਜ਼ ਨੂੰ ਜਾਂ ਰੀਜਨਜ਼ ਨੂੰ ਪੈਂਦੀ ਹੈ ਤਾਂ ਅਸੀਂ ਪਹਿਲਾਂ ਵਾਂਗ ਹੀ ਖੱਲ੍ਹ ਕੇ ਲੋਕਾਂ ਦੀ ਮਦਦ ਕਰ ਸਕੀਏ।
ਜਿ਼ਕਰਯੋਗ ਹੈ ਕਿ ਹਾਊਸ ਆਫ ਕਾਮਨਜ਼ ਵਿੱਚ ਲਿਬਰਲਾਂ ਵੱਲੋਂ ਪੇਸ਼ 7·4 ਬਿਲੀਅਨ ਡਾਲਰ ਦੇ ਏਡ ਬਿੱਲ ਨੂੰ ਸੀ-2 ਦਾ ਨਾਂ ਦਿੱਤਾ ਗਿਆ ਹੈ। ਲਿਬਰਲਾਂ ਦਾ ਪ੍ਰਸਤਾਵ ਪੈਨਡੈਮਿਕ ਏਡ ਨੂੰ ਮਈ 2022 ਤੱਕ ਵਧਾਉਣ ਦਾ ਹੈ ਤਾਂ ਕਿ ਸੰਘਰਸ਼ ਕਰ ਰਹੇ ਬਿਜ਼ਨਸਿਜ਼ ਦੀ ਮਦਦ ਹੋ ਸਕੇ। ਇਸ ਬਿੱਲ ਵਿੱਚ ਵਾਇਰਸ ਦੇ ਮੁੜ ਸਿਰ ਚੁੱਕਣ ਦੀ ਸੂਰਤ ਵਿੱਚ ਵਰਕਰਜ਼ ਨੂੰ ਹਫਤੇ ਦੇ 300 ਡਾਲਰ ਦੇਣ ਦੀ ਗੱਲ ਵੀ ਆਖੀ ਗਈ ਹੈ। ਲਿਬਰਲ ਇਹ ਵੀ ਚਾਹੁੰਦੇ ਹਨ ਕਿ ਇਹ ਬਿੱਲ ਇਸ ਹਫਤੇ ਦੇ ਅੰਤ ਤੋਂ ਪਹਿਲਾਂ ਹੀ ਮਨਜ਼ੂਰ ਹੋ ਜਾਵੇ।