ਕੈਲਗਰੀ, 24 ਅਗਸਤ : ਇੱਕ ਮੈਂਬਰ ਪਾਰਲੀਆਮੈਂਟ ਨੇ ਆਖਿਆ ਕਿ ਜਿਸ ਸਮੇਂ ਮਹਾਂਮਾਰੀ ਤੋਂ ਬਾਅਦ ਪਾਬੰਦੀਆਂ ਹਟਾਈਆਂ ਗਈਆਂ ਤਾਂ ਆਮ ਵਰਗੀ ਜਿ਼ੰਦਗੀ ਵੱਲ ਪਰਤਣ ਦੀ ਯੋਜਨਾ ਬਣਾਉਂਦੇ ਸਮੇਂ ਫੈਡਰਲ ਸਰਕਾਰ ਕੈਨੇਡੀਅਨਜ਼ ਦੀ ਟਰੈਵਲ ਕਰਨ ਦੀ ਇੱਛਾ ਦਾ ਸਹੀ ਅੰਦਾਜ਼ਾ ਲਾਉਣ ਵਿੱਚ ਅਸਮਰੱਥ ਰਹੀ।
ਇਨ੍ਹਾਂ ਗਰਮੀਆਂ ਵਿੱਚ ਏਅਰਲਾਈਨਜ਼ ਤੇ ਏਅਰਪੋਰਟਸ ਗਾਹਕਾਂ ਦੇ ਆਏ ਹੜ੍ਹ ਨੂੰ ਕਾਬੂ ਵਿੱਚ ਰੱਖ ਪਾਉਣ ਤੋਂ ਅਸਮਰੱਥ ਰਹੇ।ਇੱਕ ਪਾਸੇ ਟਰੈਵਲਰਜ਼ ਦਾ ਪੂਰਾ ਜ਼ੋਰ ਵੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਸਟਾਫ ਦੀ ਘਾਟ ਨਾਲ ਏਅਰਲਾਈਨਜ਼ ਤੇ ਏਅਰਪੋਰਟਸ ਜੂਝਦੇ ਨਜ਼ਰ ਆਏ। ਨਤੀਜੇ ਵਜੋਂ ਟਰੈਵਲਰਜ਼ ਨੂੰ ਏਅਰਪੋਰਟਸ, ਖਾਸ ਤੌਰ ਉੱਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਉੱਤੇ ਫਲਾਈਟਸ ਰੱਦ ਹੋਣ, ਸਮਾਨ ਮਿਲਣ ਵਿੱਚ ਦੇਰ ਹੋਣ ਤੇ ਲੰਮੀਆਂ ਲਾਈਨਾਂ ਵਿੱਚ ਲੱਗੇ ਰਹਿਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪਿਛਲੇ ਮਹੀਨੇ ਨਿੱਕੀ ਜਿਹੀ ਗੜਬੜੀ ਕਾਰਨ ਐਰਾਈਵਕੈਨ ਐਪ ਨੇ 10,200 ਟਰੈਵਲਰਜ਼ ਨੂੰ 10 ਦਿਨਾਂ ਲਈ ਕੁਆਰਨਟੀਨ ਹੋਣ ਦੀ ਹਦਾਇਤ ਕੀਤੀ ਜਦਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ ਸੀ।ਟਰਾਂਸਪੋਰਟ ਮੰਤਰੀ ਦੀ ਪਾਰਲੀਆਮੈਂਟਰੀ ਸਕੱਤਰ ਐਨੀ ਕੁਤਰਾਕਿਸ ਨੇ ਮੰਗਲਵਾਰ ਨੂੰ ਕੈਲਗਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਜਿ਼ੰਦਗੀ ਵੱਲ ਪਰਤਣ ਦਾ ਅੰਦਾਜ਼ਾ ਲਾਉਣ ਵਿੱਚ ਕਿਤੇ ਨਾ ਕਿਤੇ ਕੋਈ ਭੁੱਲ ਚੁੱਕ ਹੋ ਗਈ।ਮਹਾਂਮਾਰੀ ਵਿੱਚ ਫਸੇ ਰਹਿਣ ਤੋਂ ਬਾਅਦ ਜਦੋਂ ਹੀ ਖੁੱਲ੍ਹ ਮਿਲੀ ਤਾਂ ਹਰ ਕੋਈ ਟਰੈਵਲ ਕਰਨ ਦਾ ਚਾਹਵਾਨ ਸੀ ਤੇ ਉਹ ਵੀ ਇੱਕੋ ਸਮੇਂ ਟਰੈਵਲ ਕਰਨਾ ਚਾਹੁੰਦਾ ਸੀ।
ਉਨ੍ਹਾਂ ਆਖਿਆ ਕਿ ਸਰਕਾਰ ਨੂੰ ਵੀ ਪਹਿਲੀ ਵਾਰੀ ਮਹਾਂਮਾਰੀ ਦਾ ਸਾਹਮਣਾ ਕਰਨਾ ਪਿਆ ਤੇ ਕਈ ਸਬਕ ਵੀ ਪਹਿਲੀ ਵਾਰੀ ਸਿੱਖਣ ਨੂੰ ਮਿਲ ਰਹੇ ਹਨ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਜਦੋਂ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਪੇਸ਼ ਹੋਏ ਤਾਂ ਉਨ੍ਹਾਂ ਨੂੰ ਲੰਮੇਂ ਹੱਥੀਂ ਲਿਆ ਗਿਆ। ਇਸ ਦੌਰਾਨ ਕੁਤਰਾਕਿਸ ਨੇ ਐਲਾਨ ਕੀਤਾ ਕਿ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਦੀ ਮਦਦ ਕਰਨ ਲਈ ਸਰਕਾਰ 2 ਮਿਲੀਅਨ ਡਾਲਰ ਦੇਵੇਗੀ।