ਟੋਰਾਂਟੋ, 20 ਅਪਰੈਲ
ਕੈਨੇਡਾ ਪੁਲੀਸ ਨੇ ਦੋ ਪੰਜਾਬੀ ਮੁੰਡਿਆਂ ਦੀਆਂ ਤਸਵੀਰਾਂ ਜਾਰੀ ਕਰਕੇ ਉਨ੍ਹਾਂ ਨੂੰ ਲੱਭਣ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੋਵਾਂ ਦੀ ਪਛਾਣ ਉਨ੍ਹਾਂ ਚਾਰ ਹਮਲਾਵਰਾਂ ਵਿਚੋਂ ਕੀਤੀ ਗਈ ਹੈ, ਜੋ ਲੰਘੇ ਦਿਨ ਦੋ ਜਣਿਆਂ ਉਤੇ ਜਾਨਲੇਵਾ ਹਮਲਾ ਕਰਕੇ ਸਖਤ ਜ਼ਖਮੀ ਕਰਕੇ ਫਰਾਰ ਹੋ ਗਏ ਸਨ। ਉਨ੍ਹਾਂ ਦੀ ਸ਼ਨਾਖ਼ਤ ਮਾਰਖਮ ਦੇ ਰਹਿਣ ਵਾਲੇ ਗੁਰਕੀਰਤ ਸਿੰਘ (24) ਤੇ ਬਰੈਂਪਟਨ ਦੇ ਰਹਿਣ ਵਾਲੇ ਮਨਜੋਤ ਸਿੰਘ (25) ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਏਗੀ। ਸੂਤਰਾਂ ਅਨੁਸਾਰ ਦੋਵੇਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਹੋਏ ਹਨ। ਪੁਲੀਸ ਅਨੁਸਾਰ ਚਾਰ ਜਣਿਆਂ ਨੇ ਸਟੋਰ ’ਚੋਂ ਖ਼ਰੀਦਦਾਰੀ ਕਰਕੇ ਨਿਕਲਦੇ ਦੋ ਜਣਿਆਂ ਉਤੇ ਹਮਲਾ ਕਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੇ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ’ਚੋਂ ਓਂਟਾਰੀਓ ਲਾਇਸੈਂਸ ਪਲੇਟ ਵਾਲੀ ਉਸ ਕਾਰ ਦੀ ਪਛਾਣ ਵੀ ਕਰ ਲਈ ਹੈ, ਜਿਸ ਉਤੇ ਮੁਲਜ਼ਮ ਭੱਜੇ ਸਨ। ਪੁਲੀਸ ਨੇ ਜ਼ਖ਼ਮੀ ਹੋਇਆਂ ਦੀ ਪਛਾਣ ਜਾਰੀ ਨਹੀਂ ਕੀਤੀ। ਵੇਰਵਿਆਂ ਮੁਤਾਬਕ ਕਿਸੇ ਗੱਲੋਂ ਤਕਰਾਰ ਹੋਣ ਕਾਰਨ ਦੋਸ਼ੀ ਇਕ ਜ਼ਖ਼ਮੀ ਦਾ ਪਿੱਛਾ ਕਰ ਰਹੇ ਹਨ, ਜਦਕਿ ਦੂਜੇ ਨੇ ਉਨ੍ਹਾਂ ਨੂੰ ਕੁੱਟਮਾਰ ਕਰਨ ਤੋਂ ਵਰਜਿਆ ਸੀ।