ਓਟਵਾ, 25 ਅਕਤੂਬਰ : ਅਮਰੀਕਾ ਦੇ ਬੱਚਿਆਂ ਦੇ ਹਸਪਤਾਲ ਵਿੱਚ ਸਾਹ ਸਬੰਧੀ ਵਾਇਰਸ ਦੇ ਕਈ ਮਰੀਜ਼ਾਂ ਨੂੰ ਭਰਤੀ ਕਰਵਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਵਾਇਰਸ ਦੇ ਮਾਮਲੇ ਕੈਨੇਡਾ ਵਿੱਚ ਵੀ ਵੱਧ ਰਹੇ ਹਨ।
ਰੈਸਪੀਰੇਟਰੀ ਸਿੰਸ਼ੀਅਲ ਵਾਇਰਸ ਜਾਂ ਆਰਐਸਵੀ ਆਮ ਤੇ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਜਿਹੜਾ ਅਕਸਰ ਨਿੱਕੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ। ਯੂਐਸ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਅਨੁਸਾਰ ਦੋ ਸਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਬੱਚਿਆਂ ਨੂੰ ਆਮ ਤੌਰ ਉੱਤੇ ਆਰਐਸਵੀ ਇਨਫੈਕਸ਼ਨ ਹੋ ਚੁੱਕਿਆ ਹੁੰਦਾ ਹੈ।
ਇਸ ਵਾਇਰਸ ਦੌਰਾਨ ਹਲਕਾ ਜ਼ੁਕਾਮ, ਨੱਕ ਵਗਣਾ, ਛਿੱਕਾਂ ਆਉਣੀਆਂ, ਖੰਘ ਤੇ ਬੁਖਾਰ ਆਦਿ ਹੁੰਦਾ ਹੈ ਪਰ ਇਸ ਦੇ ਵਿਗੜਨ ਉੱਤੇ ਨਿਮੋਨੀਆ ਤੇ ਬ੍ਰੌਂਕੀਓਲਿਟਿਸ ਤੱਕ ਹੋ ਸਕਦਾ ਹੈ। ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਤੇ ਅਜਿਹੇ ਬੱਚੇ ਜਿਨ੍ਹਾਂ ਨੂੰ ਦਮਾ ਤੇ ਕੰਜੈਸਟਿਵ ਹਾਰਟ ਫੇਲੀਅਰ ਵਰਗੀਆਂ ਤਕਲੀਫਾਂ ਹਨ, ਉਨ੍ਹਾਂ ਨੂੰ ਇਹ ਵਾਇਰਸ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ।
ਅਮਰੀਕਾ ਦੇ ਹਸਪਤਾਲ ਵਿੱਚ ਇਸ ਵਾਇਰਸ ਦੇ ਕਈ ਮਾਮਲੇ ਪਾਏ ਜਾ ਰਹੇ ਹਨ। ਸਿ਼ਕਾਗੋ ਵਿੱਚ ਐਡਵੋਕੇਟ ਚਿਲਡਰਨਜ਼ ਹੌਸਪਿਟਲ ਦੇ ਡਾ· ਫਰੈਂਕ ਬੈਲਮੌਂਟ ਨੇ ਆਖਿਆ ਕਿ ਸਾਡੇ ਲਈ ਇਹ ਸਮਾਂ ਮਾਰਚ 2020 ਤੋਂ ਘੱਟ ਨਹੀਂ ਹੈ। ਇਹ ਬੱਚਿਆਂ ਵਿੱਚ ਮਹਾਂਮਾਰੀ ਫੈਲਣ ਵਾਲੀ ਗੱਲ ਹੈ।ਕਨੈਕਟੀਕਟ ਚਿਲਡਰਨਜ਼ ਮੈਡੀਕਲ ਸੈਂਟਰ ਵਿਖੇ ਹਸਪਤਾਲ ਦੀ ਸਮਰੱਥਾ ਵਧਾਉਣ ਲਈ ਕੌਮੀ ਪੱਧਰ ਉੱਤੇ ਮਦਦ ਮੰਗੀ ਜਾ ਰਹੀ ਹੈ।
ਇਸ ਦੌਰਾਨ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵੀ ਦੇਸ਼ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਹੋਏ ਵਾਧੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਖਾਸਤੌਰ ਉੱਤੇ ਕਿਊਬਿਕ ਵਿੱਚ ਹਾਲ ਕਾਫੀ ਮਾੜੇ ਹਨ ਕਿਉਂਕਿ ਕਈ ਕੈਨੇਡੀਅਨ ਐਮਰਜੰਸੀ ਰੂਮਜ਼ ਪਹਿਲਾਂ ਹੀ ਭਰ ਚੁੱਕੇ ਹਨ ਤੇ ਲੰਮੇਂ ਉਡੀਕ ਸਮੇਂ ਤੇ ਕਪੈਸਿਟੀ ਇਸ਼ੂਜ਼ ਨਾਲ ਹਸਪਤਾਲਾਂ ਨੂੰ ਜੂਝਣਾ ਪੈ ਰਿਹਾ ਹੈ।