ਓਟਵਾ, 28 ਜਨਵਰੀ

ਕੈਨੇਡਾ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਲਗਪਗ ਹਰੇਕ ਸੈਕਟਰ ਵਿੱਚ 20,700 ਨੌਕਰੀਆਂ ਘਟ ਕੇ 8,50,300 ਅਸਾਮੀਆਂ ਰਹਿ ਗਈਆਂ ਹਨ। ਕੈਨੇਡਾ ਦੀ ਕੌਮੀ ਅੰਕੜਾ ਏਜੰਸੀ ਨੇ ਕਿਹਾ ਕਿ ਮਈ ਮਹੀਨੇ ਇਹ ਅੰਕੜਾ 10 ਲੱਖ ਨਾਲ ਆਪਣੇ ਸਿਖਰ ’ਤੇ ਸੀ। ਸਿਨਹੂਆ ਖ਼ਬਰ ਏਜੰਸੀ ਨੇ ਇਕ ਰਿਪੋਰਟ ਵਿੱਚ ਅੰਕੜਾ ਦਫ਼ਤਰ ਕੈਨੇਡਾ ਦੇ ਹਵਾਲੇ ਨਾਲ ਕਿਹਾ ਕਿ ਪੇਸ਼ੇਵਰ, ਵਿਗਿਆਨਕ ਤੇ ਤਕਨੀਕੀ ਸੇਵਾਵਾਂ ਦੇ ਨਾਲ ਨਾਲ ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ ਵਾਲੇ ਸੈਕਟਰਾਂ ਵਿੱਚ ਨੌਕਰੀਆਂ ’ਚ ਤੇਜ਼ੀ ਨਾਲ ਨਿਘਾਰ ਵੇਖਣ ਨੂੰ ਮਿਲਿਆ ਹੈ। ਏਜੰਸੀ ਮੁਤਾਬਕ ਉਸਾਰੀ ਸੈਕਟਰ ਵਿੱਚ ਨੌਕਰੀਆਂ ਵਧੀਆਂ ਹਨ ਜਦੋਂਕਿ ਨਿਵਾਸ ਤੇ ਖੁਰਾਕ ਸੇਵਾਵਾਂ, ਰਿਟੇਲ ਟਰੇਡ ਤੇ ਮੈਨੂਫੈਕਚਰਿੰਗ ਵਿੱਚ ਥੋੜ੍ਹਾ ਬਦਲਾਅ ਆਇਆ ਹੈ। ਜੌਬ ਵੈਕੇਂਸੀ ਅਨੁਪਾਤ, ਜੋ ਕੁੱਲ ਲੇਬਰ ਦੀ ਮੰਗ ਤੇ ਖਾਲੀ ਅਸਾਮੀਆਂ ਦੀ ਗਿਣਤੀ ਦੇ ਅਨੁਪਾਤ ’ਤੇ ਅਧਾਰਿਤ ਹੈ, ਨਵੰਬਰ 2022 ਵਿੱਚ 4.8 ਫੀਸਦ ਸੀ।  ਜੂਨ 2021 ਮਗਰੋਂ ਇਹ ਹੁਣ ਤੱਕ ਦੀ ਸਭ ਤੋਂ ਹੇਠਲੀ ਦਰ ਹੈ। ਨਵੰਬਰ 2022 ਵਿੱਚ ਹਰੇਕ ਜੌਬ ਵੈਕੇਂਸੀ ਲਈ 1.2 ਬੇਰੁਜ਼ਗਾਰ ਵਿਅਕਤੀ ਸੀ ਤੇ ਅਗਸਤ ਤੋਂ ਇਸ ਅੰਕੜੇ ’ਚ ਵਰਚੁਅਲੀ ਕੋਈ ਬਦਲਾਅ ਨਹੀਂ ਆਇਆ। ਅੰਕੜਾ ਦਫ਼ਤਰ ਕੈਨੇਡਾ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਬੇਰੁਜ਼ਗਾਰੀ-ਜੌਬ ਵੈਕੇਂਸੀ ਅਨੁਪਾਤ ਜਨਵਰੀ 2019 ਤੋਂ ਫਰਵਰੀ 2020 ਦਰਮਿਆਨ 2.2 ਦੇ ਕਰੀਬ ਸੀ।