ਓਟਾਵਾ, 31 ਜਨਵਰੀ

ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਅੱਜ ਕਰੋਨਾ ਵਿਰੋਧੀ ਟੀਕਿਆਂ ਨੂੰ ਲਾਜ਼ਮੀ ਕਰਨ, ਮਾਸਕ ਪਹਿਨਣ ਅਤੇ ਤਾਲਾਬੰਦੀਆਂ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸ਼ੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਦੇ ਨਾਲ ਨਾਜ਼ੀ ਚਿੰਨ੍ਹ ਪ੍ਰਦਰਸ਼ਿਤ ਕੀਤੇ। ਕਈ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।

ਪ੍ਰਦਸ਼ਨਕਾਰੀਆਂ ਵੱਲੋਂ ਵਾਹਨਾਂ ਦੇ ਹਾਰਨ ਵਜਾਏ ਜਾਣ ਕਾਰਨ ਓਟਾਵਾ ਦੇ ਡਾਊਨਟਾਊਨ ਵਿੱਚ ਸ਼ੋਰ ਫੈਲ ਗਿਆ। ਪੁਲੀਸ ਵੱਲੋਂ ਉੱਥੋਂ ਜਾਣ ਲਈ ਆਖੇ ਜਾਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਟਰੱਕਾਂ ਅਤੇ ਕਾਰਾਂ ਦੇ ਕਾਫਲਾ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਖੜ੍ਹਾ ਕਰ ਦਿੱਤਾ ਜਦਕਿ ਕੁਝ ਵਾਹਨ ਨੈਸ਼ਨਲ ਵਾਰ ਮੈਮੋਰੀਅਲ ਦੇ ਮੈਦਾਨ ਵਿੱਚ ਖੜ੍ਹੇ ਕਰ ਦਿੱਤੇ। ਦੂਜੇ ਪਾਸੇ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਟਵੀਟ ਕੀਤਾ, ‘‘ਇਸ ਪਵਿੱਤਰ ਮੈਦਾਨ, ਜਿੱਥੇ ਇੱਕ ਅਣਜਾਣੇ ਜਵਾਨ ਦਾ ਮਕਬਰਾ ਵੀ ਹੈ, ਵਿੱਚ ਵਾਹਨ ਖੜ੍ਹੇ ਕਰਨਾ ਇਸ ਦੀ ਤੌਹੀਨ ਹੈ।’’

ਟਰੱਕਾਂ ਦੇ ਕਾਫਲੇ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੇ ਮੱਦੇਨਜ਼ਰ ਪੁਲੀਸ ਕਿਸੇ ਵੀ ਸੰਭਾਵਿਤ ਹਿੰਸਾ ਲਈ ਤਿਆਰ ਸੀ ਅਤੇ ਉਸ ਵੱਲੋਂ ਸਥਾਨਕ ਲੋਕਾਂ ਨੂੰ ਡਾਊਨਟਾਊਨ ਵੱਲ ਜਾਣ ਤੋਂ ਵਰਜਿਆ ਗਿਆ। ਕਾਨੂੰਨਘਾੜਿਆਂ ਦੇ ਨਿੱਜੀ ਘਰਾਂ ਨੂੰ ਸੰਭਾਵਿਤ ਨਿਸ਼ਾਨਾ ਬਣਾਏ ਜਾਣ ਦੀ ਰਿਪੋਰਟਾਂ ਦੌਰਾਨ ਇੱਕ ਉੱਚ ਪਾਰਲੀਮੈਂਟ ਸੁਰੱਖਿਆ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਸੀ। ਮਾਂਟਰੀਅਲ ਤੋਂ ਆਏ ਪ੍ਰਦਰਸ਼ਨਕਾਰੀ ਡੇਵਿਡ ਸੈਂਟੋਸ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਟੀਕਾਕਰਨ ਲਾਜ਼ਮੀ ਕਰਨਾ ਸਿਹਤ ਨਾਲ ਸਬੰਧਤ ਨਹੀਂ ਹਨ ਬਲਕਿ ‘ਚੀਜ਼ਾਂ ਕੰਟਰੋਲ’ ਕਰਨ ਲਈ ਸਰਕਾਰ ਦਾ ਇੱਕ ਪੈਂਤੜਾ ਹੈ। ਪ੍ਰਦਰਸ਼ਨਕਾਰੀਆਂ ਨੇ ਕਰੋਨਾ ਪਾਬੰਦੀਆਂ ਅਤੇ ਲਾਜ਼ਮੀ ਟੀਕਕਰਨ ਦਾ ਫ਼ੈਸਲਾ ਵਾਪਸ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ‘‘ਵਿਰੋਧ ਕਰਨ ਵਾਲੇ ਇਹ ਕੁਝ ਲੋਕ ਪੂਰੇ ਕੈਨੇਡਾ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਸਿਰਫ ਕੁਝ ਕੁ ਲੋਕ ਹੀ ਕਰੋਨਾ ਪਾਬੰਦੀਆਂ ਅਤੇ ਸਿਹਤ ਸਬੰਧੀ ਹੁਕਮਾਂ ਤੇ ਸਲਾਹਾਂ ਦਾ ਵਿਰੋਧ ਕਰ ਰਹੇ ਹਨ।’’

ਪ੍ਰਦਰਸ਼ਨਕਾਰੀਆਂ ’ਚ ਕੁਝ ਲੋਕਾਂ ਵੱਲੋਂ 15 ਜਨਵਰੀ ਤੋਂ ਲਾਗੂ ਨਵੇਂ ਨਿਯਮ, ਜਿਸ ਤਹਿਤ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਟਰੱਕਾਂ ਵਾਲਿਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ, ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਮਰੀਕਾ ਵੱਲੋਂ ਵੀ ਦੇਸ਼ ਵਿੱਚ ਦਾਖਲੇ ਲਈ ਅਜਿਹੀ ਹੀ ਸ਼ਰਤ ਰੱਖੀ ਗਈ ਹੈ। ਦੂਜੇ ਪਾਸੇ ਕੈਨੈਡੀਅਨ ਟਰੱਕਿੰਗ ਅਲਾਇੰਸ ਨੇ ਕਿਹਾ ਕਿ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਦਾ ਟਰੱਕ ਉਦਯੋਗ ਨਾਲ ਕੋਈ ਸਬੰਧ ਨਹੀਂ ਹੈ। ੳਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਖਰਾ ਏਜੰਡਾ ਹੈ। ਅਲਾਇੰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਰੱਕ ਇੰਡਸਟਰੀ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਡਰਾਈਵਰ ਟੀਕਾਕਰਨ ਕਰਵਾ ਵੀ ਚੁੱਕੇ ਹਨ। ਪ੍ਰਦਰਸ਼ਨ ਦੌਰਾਨ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੇ ਕੁਝ ਕਾਨੂੰਨਘਾੜਿਆਂ ਵੱਲੋਂ ਪ੍ਰਦਸ਼ਨਕਾਰੀਆਂ ਨੂੰ ਕੌਫੀ ਪਿਆਈ ਗਈ ਅਤੇ ਪਾਰਟੀ ਦੇ ਨੇਤਾ ਨੇ ਕੁੱਝ ਟਰੱਕਾਂ ਵਾਲਿਆਂ ਨਾਲ ਮੁਲਾਕਾਤ ਕੀਤੀ।