ਓਟਵਾ, 22 ਸਤੰਬਰ : ਕੋਵਿਡ-19 ਵੈਕਸੀਨ ਦੀ ਕੈਨੇਡਾ ਨੂੰ ਕੀਤੀ ਜਾਣ ਵਾਲੀ ਡਲਿਵਰੀ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਕਿਉਂਕਿ ਪ੍ਰੋਵਿੰਸਾਂ ਕੋਲ ਪਹਿਲਾਂ ਹੀ ਵਰਤੇ ਜਾਣ ਲਈ ਕਾਫੀ ਡੋਜ਼ਾਂ ਹਨ।
ਸਤੰਬਰ ਵਿੱਚ ਕੈਨੇਡਾ ਨੂੰ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਤੋਂ ਵੈਕਸੀਨ ਦੀਆਂ 95 ਮਿਲੀਅਨ ਡੋਜ਼ਾਂ ਮਿਲਣੀਆਂ ਸਨ ਪਰ ਬੁੱਧਵਾਰ ਤੱਕ ਇਸ ਵਿੱਚੋਂ 20 ਮਿਲੀਅਨ ਡੋਜ਼ਾਂ ਨਹੀਂ ਸਨ ਮਿਲੀਆਂ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਕੋਲ ਪਹਿਲਾਂ ਹੀ 18·7 ਮਿਲੀਅਨ ਡੋਜ਼ਾਂ ਪਈਆਂ ਹਨ ਤੇ ਇਹ ਕੈਨੇਡਾ ਦੇ 12 ਸਾਲ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨ ਲਈ ਕਾਫੀ ਹਨ। ਇਨ੍ਹਾਂ ਵਿੱਚੋਂ 8·5 ਮਿਲੀਅਨ ਡੋਜ਼ਾਂ ਜਿਹੜੀਆਂ ਪ੍ਰੋਵਿੰਸਾਂ ਨੂੰ ਭੇਜੀਆਂ ਗਈਆਂ ਉਨ੍ਹਾਂ ਦੀ ਅਜੇ ਤੱਕ ਵਰਤੋਂ ਨਹੀਂ ਹੋਈ। ਇਸ ਤੋਂ ਇਲਾਵਾ 10·2 ਮਿਲੀਅਨ ਡੋਜ਼ਾਂ ਅਜਿਹੀਆਂ ਹਨ ਜਿਹੜੀਆਂ ਫੈਡਰਲ ਸਰਕਾਰ ਕੋਲ ਪਈਆਂ ਹਨ ਤੇ ਲੋੜ ਪੈਣ ਉੱਤੇ ਪ੍ਰੋਵਿੰਸਾਂ ਇਨ੍ਹਾਂ ਦੀ ਵਰਤੋਂ ਕਰ ਸਕਦੀਆਂ ਹਨ।
ਬੁੱਧਵਾਰ ਤੱਕ 80 ਫੀ ਸਦੀ ਕੈਨੇਡੀਅਨ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਸਨ ਤੇ ਬਾਕੀ ਸੱਤ ਫੀ ਸਦੀ ਨੂੰ ਉਨ੍ਹਾਂ ਦੇ ਪਹਿਲੇ ਸ਼ੌਟ ਲੱਗ ਚੁੱਕੇ ਸਨ।ਹੁਣ ਕੈਨੇਡਾ ਨੂੰ 12 ਸਾਲ ਤੋਂ ਵੱਧ ਉਮਰ ਦੇ ਹਰੇਕ ਸ਼ਖਸ ਦਾ ਟੀਕਾਕਰਣ ਕਰਨ ਲਈ 11 ਮਿਲੀਅਨ ਡੋਜ਼ਾਂ ਚਾਹੀਦੀਆਂ ਹਨ।ਸਾਰੀਆਂ ਪ੍ਰੋਵਿੰਸਾਂ ਅਗਸਤ ਦੇ ਅੰਤ ਤੱਕ ਹੀ ਹੋਰ ਨਵੀਆਂ ਡੋਜ਼ਾਂ ਦੀ ਮੰਗ ਕਰਨ ਤੋਂ ਹਟ ਗਈਆਂ ਸਨ ਤੇ ਕੈਨੇਡਾ ਨੇ ਵੀ ਸਪਲਾਇਰਜ਼ ਨੂੰ ਹਾਲ ਦੀ ਘੜੀ ਹੋਰ ਡੋਜ਼ਾਂ ਭੇਜਣ ਤੋਂ ਮਨ੍ਹਾਂ ਕਰ ਦਿੱਤਾ ਸੀ।