ਚੰਡੀਗੜ੍ਹ, 5 ਅਗਸਤ
ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲੀਸ ਨੇ ਗੈਂਗਵਾਰ ਨਾਲ ਸਬੰਧਤ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕਰਦਿਆਂ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਗੈਂਗਸਟਰਾਂ ਵਿੱਚੋਂ 9 ਪੰਜਾਬੀ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲੀਸ ਨੇ ਕਿਹਾ ਕਿ ਇਹ ਗੈਂਗਸਟਰ ਸੂਬੇ ਵਿੱਚ ਹੱਤਿਆਵਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਜਿਹੇ ਅਨਸਰਾਂ ਨਾਲ ਕੋਈ ਰਾਬਤਾ ਕਾਇਮ ਨਾ ਕਰਨ ਅਤੇ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਵੀ ਨਾ ਕੀਤੀ ਜਾਵੇ। ਪੁਲੀਸ ਅਧਿਕਾਰੀ ਮੈਨੀ ਮਾਨ ਨੇ ਕਿਹਾ ਕਿ ਜੇਕਰ ਗੈਂਗਵਾਰ ਹੋਈ ਤਾਂ ਉਥੇ ਮੌਜੂਦ ਆਮ ਲੋਕ ਵੀ ਨਿਸ਼ਾਨਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਆਪਣੇ ਦੋਸਤਾਂ ਅਤੇ ਪਰਿਵਾਰਾਂ ਲਈ ਵੀ ਖ਼ਤਰਾ ਹਨ। ਜਿਨ੍ਹਾਂ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪਿਯਰੇ (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸੇਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28) ਤੇ ਸੁਖਦੀਪ ਪੰਸਲ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪਹਿਲਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਬਾਰੇ ਅਜਿਹੀ ਕੋਈ ਚਿਤਾਵਨੀ ਜਾਰੀ ਨਹੀਂ ਕਰਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਜਿਹੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਸਾਲ ਜਾਰੀ 11 ਗੈਂਗਸਟਰਾਂ ਦੀ ਸੂਚੀ ’ਚ ਮਨਿੰਦਰ ਧਾਲੀਵਾਲ ਦਾ ਨਾਂ ਵੀ ਸ਼ਾਮਲ ਸੀ, ਜਿਸਨੂੰ ਪਿਛਲੇ ਮਹੀਨੇ ਮਾਰ ਦਿੱਤਾ ਗਿਆ ਸੀ।