ਬਰੈਂਪਟਨ, 16 ਅਕਤੂਬਰ
ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਕੈਨੇਡਾ ਦੇ 338 ਮੈਂਬਰਾਂ ਦੇ ਹਾਊਸ ਵਾਲੀ ਇਸ ਚੋਣ ਵਿਚ ਛੇ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਮੈਦਾਨ ’ਚ ਹਨ। ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੈ। ਚੋਣ ਸਰਵੇਖਣਾਂ ਅਨੁਸਾਰ ਇਸ ਵਾਰ ਰਲਵੀਂ ਸਰਕਾਰ ਬਣਨ ਦੇ ਆਸਾਰ ਹਨ। ਮੰਨਿਆ ਜਾ ਰਿਹਾ ਹੈ ਕਿ ਲਿਬਰਲ ਬਹੁਮਤ ਦੇ ਨੇੜੇ ਜਾ ਸਕਦੇ ਹਨ। ਇਨ੍ਹਾਂ ਨੂੰ ਤੀਜੀ ਧਿਰ ਐਨਡੀਪੀ ਦਾ ਸਹਾਰਾ ਲੈਣਾ ਪੈ ਸਕਦਾ ਹੈ।
ਇਸ ਚੋਣ ਵਿਚ ਪੰਜਾਬ ਸਣੇ ਪੂਰੇ ਦੱਖਣੀ ਏਸ਼ੀਆ ਦੇ ਵੱਖ ਵੱਖ ਪਾਰਟੀਆਂ ’ਚ 99 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਪੰਜ ਦਰਜਨ ਪੰਜਾਬੀ ਹਨ ਤੇ ਡੇਢ ਦਰਜਨ ਪੰਜਾਬੀ ਔਰਤਾਂ ਹਨ। ਬਰੈਂਪਟਨ ਉੱਤਰੀ ਤੋਂ ਲਿਬਰਲ ਦੀ ਰੂਬੀ ਸਹੋਤਾ ਡੋਰ ਟੂ ਡੋਰ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਅਰਪਨਾ ਖੰਨਾ ਅਤੇ ਐਨਡੀਪੀ ਦੇ ਮਲੀਸਾ ਐਡਵਾਰਡਜ਼ ਨਾਲ ਤਿਕੋਣੀ ਹੈ। ਬਰੈਂਪਟਨ ਪੱਛਮੀ ਲਿਬਰਲ ਦੀ ਕਮਲ ਖਹਿਰਾ ਦੀ ਟੱਕਰ ਕ੍ਰਮਵਾਰ ਕੰਜ਼ਰਵੇਟਿਵ ਦੇ ਮੁਰਾਰੀਲਾਲ ਅਤੇ ਐਨਡੀਪੀ ਦੀ ਨਵਜੀਤ ਕੌਰ ਨਾਲ ਹੈ। ਬਰੈਂਪਟਨ ਦੱਖਣੀ ਤੇ ਸੋਨੀਆ ਸਿੱਧੂ ਲਿਬਰਲ, ਰਮਨਦੀਪ ਬਰਾੜ ਕੰਜ਼ਰਵੇਟਿਵ ਅਤੇ ਮਨਦੀਪ ਕੌਰ ਆਹਮੋ-ਸਾਹਮਣੇ ਹਨ।
ਮੰਤਰੀ ਨਵਦੀਪ ਸਿੰਘ ਬੈਂਸ ਮਾਲਟਨ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕੰਜ਼ਰਵੇਟਿਵ ਦੇ ਟੌਮ ਵਰਗੀਜ਼ ਨਾਲ ਹੈ। ਮੰਤਰੀ ਅਮਰਜੀਤ ਸੋਹੀ ਐਡਮਿੰਟਨ ਮਿਲ ਵੂਡਜ਼ ਹਲਕੇ ਤੋਂ ਮੈਦਾਨ ਵਿਚ ਹਨ ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਟਿਮ ਉੱਪਲ ਨਾਲ ਹੈ। ਐਨਡੀਪੀ ਦੇ ਲਿਗਿਲ ਲੋਗਾਂ ਵੀ ਮਜ਼ਬੂਤ ਉਮੀਦਵਾਰ ਹਨ। ਗ੍ਰਹਿ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਦੱਖਣੀ ਤੋਂ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਉਮੀਦਵਾਰ ਵਾਈ ਯੰਗ ਨਾਲ ਹੈ। ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ, ਕੰਜ਼ਰਵੇਟਿਵ ਤੋਂ ਹਰਪ੍ਰੀਤ ਸਿੰਘ ਤੇ ਐਨਡੀਪੀ ਤੋਂ ਹਰਜੀਤ ਸਿੰਘ ਗਿੱਲ ਚੋਣ ਲੜ ਰਹੇ ਹਨ। ਸਰੀ ਸੈਂਟਰਲ ਤੇ ਲਿਬਰਲ ਤੋਂ ਰਨਦੀਪ ਸਿੰਘ ਸਰਾਏ, ਕੰਜ਼ਰਵੇਟਿਵ ਤੋਂ ਟੀਨਾ ਬੈਂਸ ਅਤੇ ਐਨਡੀਪੀ ਤੋਂ ਸੁਰਜੀਤ ਸਿੰਘ ਸਰਾਂ ਆਹਮੋ-ਸਾਹਮਣੇ ਹਨ। ਬਰੈਂਪਟਨ ਪੂਰਬੀ ਤੋਂ ਲਿਬਰਲ ਦੇ ਮਨਿੰਦਰ ਸਿੱਧੂ, ਕੰਜ਼ਰਵੇਟਿਵ ਦੇ ਰਾਮੋਨਾ ਸਿੰਘ ਅਤੇ ਐਨਡੀਪੀ ਦੇ ਸ਼ਰਨਜੀਤ ਸਿੰਘ ਵਿਚ ਮੁਕਾਬਲਾ ਸਖ਼ਤ ਹੈ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ।