ਹਿਸਾਰ, 12 ਸਤੰਬਰ

ਸੋਨਾਲੀ ਫੋਗਾਟ ਦੀ ਹੱਤਿਆ ਮਾਮਲੇ ਦੀ ਜਾਂਚ ਕੇਂਦਰ ਨੇ ਸੀਬੀਆਈ ਨੂੰ ਸੌਂਪੇ ਦਿੱਤੀ ਹੈ। ਪੀੜਤ ਪਰਿਵਾਰ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੋਨਾਲੀ ਦੇ ਭਰਾ ਰਿੰਕੂ ਫੋਗਾਟ ਨੇ ਕਿਹਾ, ‘‘ ਸਾਡਾ ਪਰਿਵਾਰ ਪਹਿਲੇ ਦਿਨ ਤੋਂ ਹੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ।’’ ਉਸ ਨੇ ਕਿਹਾ ਕਿ ਪਰਿਵਾਰ ਨੂੰ ਸੋਨਾਲੀ ਦੀ ਮੌਤ ਵਿੱਚ ਸਾਜ਼ਿਸ਼ ਦਾ ਸ਼ੱਕ ਹੈ ਤੇ ਕੇਂਦਰੀ ੲੇਜੰਸੀ ਹੀ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆ ਸਕਦੀ ਹੈ। ਰਿੰਕੂ ਨੇ ਭਰੋਸਾ ਜਤਾਇਆ ਕਿ ਕੇਂਦਰੀ ਏਜੰਸੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਚਿੱਠੀ ਭੇਜ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ ਜਿਸ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈੇ। ਕਾਬਿਲੇਗੌਰ ਹੈ ਕਿ ਹਰਿਆਣਾ ਦੇ ਹਿਸਾਰ ਦੀ ਭਾਜਪਾ ਆਗੂ ਫੋਗਾਟ (43) ਦੀ ਪਿਛਲੇ ਮਹੀਨੇ ਗੋਆ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਨੂੰ ਕਤਲ ਮੰਨਿਆ ਜਾ ਰਿਹਾ ਹੈ। ਗੋਆ ਪੁਲੀਸ ਨੇ ਇਸ ਮਾਮਲੇ ਵਿੱਚ ਫੋਗਾਟ ਦੇ ਦੋ ਸਾਥੀਆਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।