ਨਵੀਂ ਦਿੱਲੀ, 29 ਜੂਨ
ਗ੍ਰਹਿ ਮੰਤਰਾਲੇ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਉਦੈਪੁਰ ‘ਚ ਦਰਜ਼ੀ ਦੀ ਹੱਤਿਆ ਦੀ ਜਾਂਚ ਆਪਣੇ ਹੱਥ ‘ਚ ਲੈਣ ਅਤੇ ਇਸ ਮਾਮਲੇ ‘ਚ ਕਿਸੇ ਸੰਗਠਨ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਐੱਨਆਈਏ ਨੇ ਹੱਤਿਆ ਦੇ ਮਾਮਲੇ ਵਿੱਚ ਅਤਿਵਾਦ ਵਿਰੋਧੀ ਐਕਟ ‘ਯੂਏਪੀਏ’ ਤਹਿਤ ਕੇਸ ਮੁੜ ਦਰਜ ਕੀਤਾ ਹੈ।
ਜੈਪੁਰ: ਰਾਜਸਥਾਨ ਪੁਲੀਸ ਦੇ ਡੀਜੀਪੀ ਨੇ ਦੱਸਿਆ ਕਿ ਉਦੈਪੁਰ ਵਿੱਚ ਦਰਜ਼ੀ ਦੀ ਬੇਰਹਿਮੀ ਨਾਲ ਹੱਤਿਆ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਿੱਚ ਸ਼ਾਮਲ ਗ਼ੌਸ ਮੁਹੰਮਦ ਅਤੇ ਉਸ ਦੇ ਸਾਥੀਆਂ ਦੇ ਸਬੰਧ ਪਾਕਿਸਤਾਨ ਸਥਿਤ ਇਸਲਾਮਿਕ ਸੰਗਠਨ ਦਾਵਤ-ਏ-ਇਸਲਾਮੀ ਨਾਲ ਹਨ।
ਉਦੈਪੁਰ: ਉਦੈਪੁਰ ਵਿੱਚ ਮੰਗਲਵਾਰ ਨੂੰ ਦੋ ਮੁਸਲਿਮ ਨੌਜਵਾਨਾਂ ਵੱਲੋਂ ਦਰਜ਼ੀ ਕੱਨ੍ਹਈਆ ਲਾਲ ਦੀ ਉਸ ਦੀ ਦੁਕਾਨ ਵਿੱਚ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਸ਼ਹਿਰ ਦੇ ਸੱਤ ਥਾਣਾ ਖੇਤਰਾਂ ਵਿੱਚ ਲਗਾਇਆ ਗਿਆ ਕਰਫਿਊ ਅੱਜ ਵੀ ਜਾਰੀ ਰਿਹਾ। ਪੁਲੀਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਸਰਕਾਰੀ ਜ਼ਿਲ੍ਹਾ ਹਸਪਤਾਲ ‘ਚ ਕਰਵਾਇਆ ਜਾ ਰਿਹਾ ਹੈ। ਉਦੈਪੁਰ ‘ਚ ਪੁਲੀਸ ਦੀ ਵਿਆਪਕ ਤਾਇਨਾਤੀ ਕੀਤੀ ਗਈ ਹੈ। ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।