ਜੰਮੂ, 24 ਨਵੰਬਰ

ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਉਹ ਕਸ਼ਮੀਰ ਰੱਖਣਾ ਚਾਹੁੰਦਾ ਹੈ ਤਾਂ ਧਾਰਾ 370 ਬਹਾਲ ਕਰੇ ਅਤੇ ਕਸ਼ਮੀਰ ਦੇ ਮਸਲੇ ਹੱਲ ਕਰੇ। ਉਨ੍ਹਾਂ ਕਿਹਾ ਕਿ ਲੋਕ ਆਪਣੀ ਪਛਾਣ ਤੇ ਸਨਮਾਨ ਵਾਪਸ ਚਾਹੁੰਦੇ ਹਨ। ਬਨਿਹਾਲ ਦੇ ਨੀਲ ਪਿੰਡ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਮਹਾਤਮਾ ਗਾਂਧੀ ਨੇ ਕੀਤਾ ਸੀ, ਜਿਸ ਨੇ ਧਾਰਾ 370 ਦਿੱਤੀ ਪਰ ਉਹ ਨੱਥੂਰਾਮ ਗੋਡਸੇ ਨਾਲ ਨਹੀਂ ਰਹਿ ਸਕਦੇ। ਮਹਿਬੂਬਾ ਨੇ ਲੋਕਾਂ ਨੂੰ ਇਕਜੁੱਟ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਕਿਹਾ। ਉਨ੍ਹਾਂ ਭਾਜਪਾ ’ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਾਤੀ, ਨਸਲ ਅਤੇ ਧਰਮ ਦੇ ਆਧਾਰ ’ਤੇ ਵੰਡਣ ਦਾ ਦੋਸ਼ ਵੀ ਲਾਇਆ।