ਕੀਵ,
ਕੀਵ ਦਿਵਸ ਦੀਆਂ ਤਿਆਰੀਆਂ ਦਰਮਿਆਨ ਅੱਜ ਯੂਕਰੇਨ ਦੀ ਰਾਜਧਾਨੀ ’ਚ ਜੰਗ ਦੀ ਸ਼ੁਰੂਆਤ ਤੋਂ ਬਾਅਦ ਰੂਸ ਵੱੱਲੋਂ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਗਿਆ। ਹਮਲੇ ’ਚ ਘੱਟ ਤੋਂ ਘੱਟ ਇੱਕ ਵਿਅਕਤੀ ਮਾਰਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਯੂਕਰੇਨ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਸੇਰਹੀ ਪੋਪਕੋ ਨੇ ਕਿਹਾ ਕਿ ਰੂਸ ਨੇ ਲੰਘੀ ਰਾਤ ਇਰਾਨ ’ਚ ਬਣੇ ਸ਼ਾਹਿਦ ਡਰੋਨਾਂ ਨਾਲ ਸ਼ਹਿਰ ’ਤੇ ਸਭ ਤੋਂ ਵੱਡਾ ਹਮਲਾ ਕੀਤਾ। ਇਹ ਹਮਲਾ ਪੰਜ ਘੰਟੇ ਤੋਂ ਵੀ ਵੱਧ ਸਮਾਂ ਚੱਲਿਆ ਜਿਸ ਵਿੱਚ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਕਥਿਤ ਤੌਰ ’ਤੇ 40 ਤੋਂ ਵੱਧ ਡਰੋਨ ਤਬਾਹ ਕੀਤੇ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸੱਤ ਮੰਜ਼ਿਲਾ ਗੈਰ ਰਿਹਾਇਸ਼ੀ ਇਮਾਰਤ ’ਤੇ ਡਰੋਨ ਦਾ ਮਲਬਾ ਡਿੱਗਣ ਅਤੇ ਅੱਗ ਲੱਗਣ ਕਾਰਨ 41 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਘਟਨਾ ’ਚ ਜ਼ਖ਼ਮੀ ਹੋਈ 35 ਸਾਲਾ ਇੱਕ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਲੰਘੀ ਰਾਤ ਦੇਸ਼ ਭਰ ’ਚ ਸ਼ਾਹਿਦ ਡਰੋਨਾਂ ਨਾਲ ਇੰਨੇ ਹਮਲੇ ਕੀਤੇ ਗਏ ਜਿੰਨੇ ਇਸ ਤੋਂ ਪਹਿਲਾਂ ਕਦੇ ਨਹੀਂ ਹੋਏ ਸਨ। ਰੂਸੀ ਸੈਨਾ ਵੱਲੋਂ ਦਾਗੇ ਗਏ 54 ਡਰੋਨਾਂ ’ਚੋਂ 52 ਨੂੰ ਹਵਾਈ ਸੈਨਾ ਪ੍ਰਣਾਲੀਆਂ ਵੱਲੋਂ ਹੇਠਾਂ ਸੁੱਟ ਲਿਆ ਗਿਆ। ਪੂਰਬ-ਉੱਤਰ ਦੇ ਖਾਰਕੀਵ ਸੂਬੇ ’ਚ ਖੇਤਰੀ ਗਵਰਨਰ ਓਲੇਹ ਸਿਨੀਹੁਬੋਵ ਨੇ ਕਿਹਾ ਕਿ ਦੋ ਵੱਖ ਵੱਖ ਹਮਲਿਆਂ ’ਚ ਇੱਥੇ 61 ਸਾਲਾ ਇੱਕ ਮਹਿਲਾ ਤੇ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕੀਵ ਦਿਵਸ ਕੀਵ ਦਾ ਅਧਿਕਾਰਤ ਸਥਾਪਨਾ ਦਿਵਸ ਹੈ। ਇਸ ਦਿਨ ਨੂੰ ਆਮ ਤੌਰ ’ਤੇ ਸੰਗੀਤਕ ਸਮਾਗਮਾਂ, ਸੜਕਾਂ ’ਤੇ ਮੇਲਿਆਂ, ਪ੍ਰਦਰਸ਼ਨੀਆਂ ਤੇ ਆਤਿਸ਼ਬਾਜ਼ੀ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਸ਼ਹਿਰ ਦੀ 1541ਵੀਂ ਵਰ੍ਹੇਗੰਢ ਲਈ ਸੀਮਤ ਪੱਧਰ ’ਤੇ ਸਮਾਗਮ ਦੀ ਯੋਜਨਾ ਬਣਾਈ ਗਈ ਸੀ। ਫੌਜੀ ਅਧਿਕਾਰੀ ਪੋਪਕੋ ਨੇ ਕਿਹਾ, ‘ਅੱਜ ਦੁਸ਼ਮਣ ਨੇ ਆਪਣੇ ਤਬਾਹਕੁਨ ਡਰੋਨ ਦੀ ਮਦਦ ਨਾਲ ਕੀਵ ਦੇ ਲੋਕਾਂ ਨੂੰ ਕੀਵ ਦਿਵਸ ਦੀ ਵਧਾਈ ਦੇਣ ਦਾ ਫ਼ੈਸਲਾ ਕੀਤਾ ਹੈ।’
ਰੂਸ ਦੇ ਦੱਖਣੀ ਕ੍ਰਾਸਨੋਡਾਰ ਖੇਤਰ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਲਸਕੀ ਤੇਲ ਰਿਫਾਈਨਰੀ ਵੱਲ ਦਾਗੇ ਕਈ ਡਰੋਨ ਤਬਾਹ ਕਰ ਦਿੱਤੇ ਹਨ। ਪਿਛਲੇ ਸਾਲ ਫਰਵਰੀ ’ਚ ਰੂਸ ਵੱਲੋਂ ਹਮਲਿਆਂ ਦੀ ਸ਼ੁਰੂਆਤ ਮਗਰੋਂ ਲਗਾਤਾਰ ਰੂਸੀ ਸਰਹੱਦ ਨਾਲ ਲੱਗਦੇ ਖੇਤਰਾਂ ’ਚ ਡਰੋਨ ਹਮਲੇ ਹੁੰਦੇ ਰਹੇ ਹਨ। ਪਿਛਲੇ ਮਹੀਨਿਆ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਵੱਧ ਗਈ ਹੈ।