ਮੁੰਬਈ:ਅਦਾਕਾਰਾ ਕਿਆਰਾ ਅਡਵਾਨੀ ਨੇ ਆਖਿਆ ਕਿ ਕਾਮੇਡੀ ਫ਼ਿਲਮਾਂ ਵਿੱਚ ਜ਼ਿਆਦਾਤਰ ਹਾਸਰਸ ਪਾਤਰ ਅਤੇ ਚੁਟਕਲੇ ਮਰਦ ਕਲਾਕਾਰਾਂ ਲਈ ਰਾਖਵੇਂ ਰੱਖੇ ਜਾਂਦੇ ਹਨ, ਇਸ ਲਈ ਮਹਿਲਾ ਕਲਾਕਾਰਾਂ ਦੇ ਕਰਨ ਜੋਗਾ ਕੋਈ ਖਾਸ ਅਤੇ ਵੱਡਾ ਕੰਮ ਨਹੀਂ ਬਚਦਾ। ਸਾਲ 2014 ਵਿੱਚ ਸਿਨੇ ਜਗਤ ਵਿੱਚ ਪੈਰ ਧਰਨ ਵਾਲੀ ਕਿਆਰਾ ਨੇ ਹੁਣ ਤੱਕ ਦੋ ਕਾਮੇਡੀ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ‘ਗੁੱਡ ਨਿਊਜ਼’ ਅਤੇ ਦੂਜੀ ‘ਭੂਲ ਭੁਲੱਈਆ 2’ ਹੈ। ਕਿਆਰਾ ਦਾ ਕਹਿਣਾ ਹੈ ਕਿ ਔਰਤਾਂ ’ਤੇ ਕੇਂਦਰਿਤ ‘ਕੁਈਨ’ ਤੇ ‘ਤਨੂ ਵੈੱਡਜ਼ ਮਨੂੂ’ ਵਰਗੀਆਂ ਫ਼ਿਲਮਾਂ ਨੂੰ ਛੱਡ ਕੇ ਜ਼ਿਆਦਾਤਰ ਵਿੱਚ ਮਹਿਲਾ ਅਦਾਕਾਰਾ ਦੀ ਭਾਗੀਦਾਰੀ ਨਾ ਦੇ ਬਰਾਬਰ ਹੀ ਹੁੰਦੀ ਹੈ। ਕਿਆਰਾ ਨੇ ਕਿਹਾ ਕਿ ‘ਭੂਲ ਭੁਲੱਈਆ 2’ ਵਿੱਚ ਉਸ ਨੂੰ ਕਾਰਤਿਕ ਆਰੀਅਨ, ਰਾਜਪਾਲ ਯਾਦਵ ਤੇ ਸੰਜੈ ਮਿਸ਼ਰਾ ਦੇ ਬਰਾਬਰ ਕਾਮੇਡੀ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਕਿਆਰਾ ਨੇ ਕਿਹਾ, ‘ਕਾਮੇਡੀ ਇੱਕ ਔਖਾ ਕੰਮ ਹੈ, ਪਰ ਮੈਂ ਨਹੀਂ ਮੰਨਦੀ ਕਿ ਇਸ ਨੂੰ ਬਹੁਤਾ ਮਾਣ-ਸਤਿਕਾਰ ਮਿਲਿਆ ਹੈ।’ ‘ਭੂਲ ਭੁਲੱਈਆ 2’ ਇਸ ਮਹੀਨੇ ਦੀ 20 ਤਰੀਕ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।