ਵਾਸ਼ਿੰਗਟਨ:ਅਮਰੀਕਾ ਨੇ ਕਾਬੁਲ ਹਵਾਈ ਅੱਡੇ ’ਤੇ ਆਪਣੇ ਛੇ ਹਜ਼ਾਰ ਫ਼ੌਜੀ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਸ ਤਾਇਨਾਤੀ ਦਾ ਮੰਤਵ ਉੱਥੋਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ ਹੈ। ਇਸ ਤੋਂ ਇਲਾਵਾ ਅਮਰੀਕਾ ਆਪਣੇ ਮਿੱਤਰ ਮੁਲਕਾਂ ਤੇ ਭਾਈਵਾਲਾਂ ਦੇ ਨਾਗਰਿਕਾਂ ਨੂੰ ਵੀ ਸੁਰੱਖਿਅਤ ਅਫ਼ਗਾਨਿਸਤਾਨ ਵਿਚੋਂ ਕੱਢਣਾ ਚਾਹੁੰਦਾ ਹੈ। ਫ਼ਿਲਹਾਲ ਕਾਬੁਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਅਮਰੀਕੀ ਫ਼ੌਜ ਨੇ ਕਮਾਨ ਸੰਭਾਲ ਲਈ ਹੈ। ਹਵਾਈ ਅੱਡੇ ’ਤੇ ਅੱਜ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਤੇ ਅਫਰਾ-ਤਫਰੀ ਵਿਚ ਸੱਤ ਜਣਿਆਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦਾਖਲ ਹੋਣ ਤੋਂ ਬਾਅਦ ਅੱਜ ਉੱਥੋਂ ਦੇ ਹਵਾਈ ਅੱਡੇ ’ਤੇ ਲੋਕਾਂ ਦੀ ਵੱਡੀ ਭੀੜ ਜੁੜ ਗਈ। ਸੈਂਕੜੇ ਲੋਕਾਂ ਨੇ ਅਫ਼ਗਾਨ ਰਾਜਧਾਨੀ ਛੱਡ ਰਹੇ ਹਵਾਈ ਜਹਾਜ਼ਾਂ ਵਿਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸੱਤ ਜਣਿਆਂ ਦੀ ਮੌਤ ਹੋ ਗਈ। ਹਵਾਈ ਅੱਡੇ ’ਤੇ ਤਾਇਨਾਤ ਅਮਰੀਕੀ ਫ਼ੌਜ ਨੇ ਇਸ ਤੋਂ ਪਹਿਲਾਂ ਭੀੜ ਨੂੰ ਖਿੰਡਾਉਣ ਲਈ ਹਵਾ ਵਿਚ ਕਈ ਫਾਇਰ ਕੀਤੇ। ਇਸ ਦੌਰਾਨ ਬੇਹੱਦ ਨਿਰਾਸ਼ ਤੇ ਡਰੇ ਹੋਏ ਕਈ ਅਫ਼ਗਾਨ ਨਾਗਰਿਕ ਹਵਾਈ ਪੱਟੀ ਉਤੇ ਆ ਗਏ। ਇਨ੍ਹਾਂ ਵਿਚੋਂ ਕੁਝ ਇਕ ਅਮਰੀਕੀ ਫ਼ੌਜੀ ਜਹਾਜ਼ ਨਾਲ ਚਿੰਬੜ ਗਏ ਜੋ ਕਿ ਉਡਾਣ ਭਰਨ ਵਾਲਾ ਸੀ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫ਼ਗਾਨਿਸਤਾਨ ਵਿਚ ਮੌਜੂਦ ਆਪਣੇ ਸਾਥੀਆਂ ਨੂੰ ਕਈ ਕਾਲਾਂ ਕੀਤੀਆਂ ਹਨ। ਹਾਲਾਂਕਿ ਭਾਰਤ ਉਨ੍ਹਾਂ ਵਿਚੋਂ ਨਹੀਂ ਹੈ। ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੀ ਅਗਵਾਈ ਵਿਚ 60 ਤੋਂ ਵੱਧ ਮੁਲਕਾਂ ਨੇ ਅਫ਼ਗਾਨਿਸਤਾਨ ਦੀ ਸੱਤਾ ਉਤੇ ਕਾਬਜ਼ ਧਿਰ ਨੂੰ ਮਨੁੱਖੀ ਜਾਨਾਂ ਤੇ ਜਾਇਦਾਦ ਦੀ ਰਾਖੀ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਤੁਰੰਤ ਸੁਰੱਖਿਆ ਤੇ ਕਾਨੂੰਨ-ਵਿਵਸਥਾ ਕਾਇਮ ਕਰਨ ਦੀ ਬੇਨਤੀ ਕੀਤੀ ਗਈ ਹੈ। ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਆਪਣੇ ਤੇ ਆਪਣੇ ਭਾਈਵਾਲਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਜੱਦੋਜਹਿਦ ਕਰ ਰਿਹਾ ਹੈ। ਏਅਰ ਟਰੈਫਿਕ ਕੰਟਰੋਲ ਵੀ ਅਮਰੀਕਾ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ। ਅਮਰੀਕਾ ਦੇ ਰੱਖਿਆ ਤੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਲਕੇ ਤੇ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਅਮਰੀਕੀ ਨਾਗਰਿਕ ਅਫ਼ਗਾਨਿਸਤਾਨ ਵਿਚੋਂ ਕੱਢੇ ਜਾਣਗੇ।