ਨਵੀਂ ਦਿੱਲੀ, 20 ਜੂਨ

ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ’ਤੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਸਵਿੰਦਰ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਇੱਥੇ ਦੱਸਿਆ ਕਿ ਜਿਸ ਵਕਤ ਉਨ੍ਹਾਂ ’ਤੇ ਹਮਲਾ ਹੋਇਆ ਉਹ (ਸਵਿੰਦਰ ਸਿੰਘ) ਇਸ਼ਨਾਨ ਕਰ ਰਹੇ ਸਨ ਅਤੇ ਉਨ੍ਹਾਂ ’ਤੇ ਕਈ ਗੋਲੀਆਂ ਦਾਗੀਆਂ ਗਈਆਂ। ਨਵੀਂ ਦਿੱਲੀ ਵਿੱਚ ਸਵਿੰਦਰ ਦਾ ਪਰਿਵਾਰ ਗੁਰਦੁਆਰੇ ’ਤੇ ਹਮਲੇ ਦੀ ਖ਼ਬਰ  ਸੁਣ ਕੇ ਸੁੰਨ ਹੋ ਗਿਆ ਸੀ। ਸਿੰਘ ਦੀ ਪਤਨੀ ਦੇ ਭਰਾ ਪੁਪੇਂਦਰ ਸਿੰਘ (36) ਨੇ ਦੱਸਿਆ ਕਿ ਉਸ ਦੀ ਭੈਣ ਦੀ ਤਬੀਅਤ ਵਿਗੜ ਗਈ ਹੈ। ਸਵਿੰਦਰ ਸਿੰਘ ਗੁਰਦੁਆਰਾ ਕਾਰਤੇ ਪਰਵਾਨ ਵਿਖੇ ਸੇਵਾ ਕਰਨ ਲਈ ਗਿਆ ਸੀ ਅਤੇ ਉੱਥੇ ਬਣੇ ਕਮਰੇ ਵਿੱਚ ਠਹਿਰਿਆ ਸੀ। ਇਸੇ ਦੌਰਾਨ ਇੱਥੇ ਦਿੱਲੀ ਵਿੱਚ ਸਵਿੰਦਰ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤ ਵਿੱਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਡਜੇ ਸ਼ਾਮਲ ਹੋਏ ਅਤੇ ਸਵਿੰਦਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟਾਇਆ। ਇਸੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਮਰਹੂਮ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਇਜ਼ਹਾਰ ਕੀਤਾ।