ਚੰਡੀਗੜ੍ਹ, 2 ਸਤੰਬਰ

ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਨੇ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਰਬੜ ਦੀ ਮੋਹਰ’ ਬਣਾ ਕੇ ‘ਰਿਮੋਟ ਕੰਟਰੋਲ’ ਨਾਲ ਸਰਕਾਰ ਚਲਾਉਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਆਪ ਪੰਜਾਬ ਨੇ ਇਸ ਪੱਤਰ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ‘ਆਪ’ ਦੇ ਸੋਸ਼ਲ ਮੀਡੀਆ ਮੈਨੇਜਰ ਵੱਲੋਂ ਫੇਸਬੁੱਕ ’ਤੇ ਪਾਈ ਪੋਸਟ ਨੂੰ ਸਾਂਝਾ ਕਰਦੇ ਹੋਏ ਪਾਰਟੀ ਦੇ ਨੇਤਾ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਵਿੱਚ ਸਾਫ਼ ਹੈ ਕਿ ਨਿਯੁਕਤੀ ਕੇਜਰੀਵਾਲ ਦੇ ਦਸਤਖ਼ਤਾਂ ਨਾਲ ਹੋਈ ਹੈ। ਸ੍ਰੀ ਰੰਧਾਵਾ ਨੇ ਸਵਾਲ ਕੀਤਾ,‘ਇਸ ਤੋਂ ਵੱਧ ਹੋਰ ਕੀ ਸਬੂਤ ਚਾਹੀਦਾ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ?’ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦਾ ਇਹ ਖਦਸ਼ਾ ਸੱਚ ਸਾਬਤ ਹੋ ਰਿਹਾ ਹੈ ਕਿ ਰਾਜ ਸਰਕਾਰ ਦਿੱਲੀ ਤੋਂ ਰਿਮੋਟ ਨਾਲ ਚਲਾਈ ਜਾ ਰਹੀ ਹੈ। ਪਾਰਟੀ ਆਗੂ ਪ੍ਰਤਾਪ ਬਾਜਵਾ ਨੇ ਕਿਹਾ,‘ਚਾਹੇ ਚੇਅਰਪਰਸਨ ਦੀ ਨਿਯੁਕਤੀ ਹੋਵੇ ਜਾਂ ਦਿੱਲੀ ਤੋਂ ਨਕਲ ਕੀਤੀ ਪੰਜਾਬ ਸ਼ਰਾਬ ਨੀਤੀ ਜਾਂ ਹੋਰ ਨੀਤੀਗਤ ਫੈਸਲੇ, ਦਿੱਲੀ ਪੰਜਾਬ ਸਰਕਾਰ ਨੂੰ ਕੰਟਰੋਲ ਕਰ ਰਹੀ ਹੈ। ਇਸੇ ਕਰਕੇ ਅਸੀਂ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਾਂ,’