ਪੇਈਚਿੰਗ/ਇਸਲਾਮਾਬਾਦ, 29 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਚੀਨ ਦੌਰੇ ਤੋਂ ਪਹਿਲਾਂ ਅੱਜ ਕਿਹਾ ਕਿ ਦੱਖਣੀ ਏਸ਼ੀਆ ਵਿਚ ‘ਸਥਾਈ ਸ਼ਾਂਤੀ’ ਲਈ ਇਹ ਜ਼ਰੂਰੀ ਹੈ ਕਿ ਖੇਤਰ ਵਿਚ ‘ਰਣਨੀਤਕ ਤਵਾਜ਼ਨ’ ਕਾਇਮ ਕੀਤਾ ਜਾਵੇ ਅਤੇ ਕਸ਼ਮੀਰ ਸਣੇ ਸਾਰੇ ‘ਬਕਾਇਆ ਮੁੱਦੇ’ ਸੰਵਾਦ, ਕੂਟਨੀਤੀ ਤੇ ਕੌਮਾਂਤਰੀ ਕਾਨੂੰਨਾਂ ਰਾਹੀਂ ਸੁਲਝਾਏ ਜਾਣੇ ਚਾਹੀਦੇ ਹਨ। ਉਨ੍ਹਾਂ ਸਰਹੱਦਾਂ ਸਬੰਧੀ ਹੋਰ ਲਟਕੇ ਮਸਲਿਆਂ ਦੀ ਗੱਲ ਵੀ ਕੀਤੀ। ਚੀਨ ਦੀ ਅਖਬਾਰ ‘ਗਲੋਬਲ ਟਾਈਮਜ਼’ ਵਿਚ ਪ੍ਰਕਾਸ਼ਿਤ ਲੇਖ ਵਿਚ ਖਾਨ ਨੇ ਕਸ਼ਮੀਰ ਮਸਲੇ ਦੇ ਹੱਲ ਬਾਰੇ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਸਰਹੱਦੀ ਮਸਲਿਆਂ ਦੇ ਹੱਲ ਨੂੰ ਦੱਖਣੀ ਏਸ਼ੀਆ ਵਿਚ ਸ਼ਾਂਤੀ ਲਈ ਜ਼ਰੂਰੀ ਦੱਸਿਆ ਹੈ। ਪ੍ਰਧਾਨ ਮੰਤਰੀ ਖਾਨ ਨੇ ਉਈਗਰ ਮੁਸਲਿਮਾਂ ਦੇ ਹੱਕਾਂ ਦੇ ਘਾਣ ਦੇ ਮਾਮਲੇ ਵਿਚ ਚੀਨ ਨੂੰ ਕਲੀਨ ਚਿੱਟ ਦਿੱਤੀ। ਇਮਰਾਨ ਚਾਰ ਫਰਵਰੀ ਨੂੰ ਪੇਈਚਿੰਗ ਵਿਚ ਸਰਦ ਰੁੱਤ ਉਲੰਪਿਕ ਦੇ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣਗੇ।