ਪੇਈਚਿੰਗ, 1 ਸਤੰਬਰ

ਚੀਨੀ ਅਧਿਕਾਰੀਆਂ ਨੇ ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਦੱਖਣੀ ਪੱਛਮੀ ਸ਼ਹਿਰ ਚੇਂਗਦੂ ਵਿੱਚ ਲੌਕਡਾਊਨ ਲਗਾ ਦਿੱਤਾ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸ਼ਹਿਰ ਤੋਂ ਜਾਣ- ਆਉਣ ਵਾਲੀਆਂ 70 ਫੀਸਦੀ ਉਡਾਣਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਪਛੜ ਗਈ ਹੈ। ਸਰਕਾਰੀ ਟਰਾਂਸਪੋਰਟ ਸੇਵਾ ਜਾਰੀ ਹੈ ਅਤੇ ਵਿਸ਼ੇਸ਼ ਲੋੜ ਬਾਰੇ ਦੱਸਣ ’ਤੇ ਹੀ ਲੋਕਾਂ ਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਹੈ। ਅੱਜ ਜਾਰੀ ਕੀਤੇ ਨਵੇਂ ਨਿਯਮਾਂ ਅਨੁਸਾਰ ਪਰਿਵਾਰ ਦਾ ਇਕ ਜੀਅ ਬੀਤੇ 24 ਘੰਟਿਆਂ ਦੀ ਨੈਗੇਟਿਵ ਕਰੋਨਾ ਰਿਪੋਰਟ ਦਿਖਾ ਕੇ ਜ਼ਰੂਰੀ ਵਸਤਾਂ ਦੀ ਖਰੀਦ ਲਈ ਬਾਹਰ ਨਿਕਲ ਸਕਦਾ ਹੈ। ਅਜਿਹੇ ਨਿਯਮ ਉੱਤਰ ਪੂਰਬੀ ਸ਼ਹਿਰ ਦਾਲਿਆਨ ਤੇ ਸ਼ੀਜਿਆਜ਼ਹੁਆਂਗ ਵਿੱਚ ਵੀ ਲਾਗੂ ਹਨ। ਹਾਲ ਹੀ ਵਿੱਚ ਚੇਂਗਦੂ ਵਿੱਚ 1000 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਚੀਨ ਵੱਲੋਂ ਲਾਗੂ ਕੀਤੇ ਸਖ਼ਤ ਨਿਯਮ ਉਸਦੀ ‘ਜ਼ੀਰੋ ਕੋਵਿਡ’ ਪਾਲਿਸੀ ਨੂੰ ਦਰਸਾਉਂਦੇ ਹਨ, ਜਿਸ ਨੇ ਲੌਕਡਾਊਨ, ਵਪਾਰ ਬੰਦ ਹੋਣ ਅਤੇ ਵੱਡੇ ਪੱਧਰ ’ਤੇ ਟੈਸਟਿੰਗ ਦੀ ਲੋੜ ਨਾਲ ਅਰਥਵਿਵਸਥਾ ’ਤੇ ਵੱਡਾ ਅਸਰ ਪਾਇਆ ਹੈ। ਚੀਨ ਦਾ ਕਹਿਣਾ ਹੈ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ। ਕਾਬਿਲੇਗੌਰ ਹੈ ਕਿ ਕੇਂਦਰੀ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਾਲ 2019 ਵਿੱਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।