ਮੁੰਬਈ:ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ ਲੈ ਕੇ ਹਾਜ਼ਰ ਹੋ ਰਿਹਾ ਹੈ। ਹਾਲ ਹੀ ਵਿੱਚ ਇਸ ਸ਼ੋਅ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਕਪਿਲ ਸ਼ਰਮਾ ਕਈ ਮਸ਼ਹੂਰ ਹਸਤੀਆਂ ਨਾਲ ਦਿਖਾਈ ਦਿੱਤਾ। ਇਸ ਦੌਰਾਨ ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਹਸਤੀਆਂ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜੋ ਨਵੇਂ ਸੀਜ਼ਨ ਦੇ ਪਹਿਲੇ ਕੁਝ ਐਪੀਸੋਡਾਂ ਵਿੱਚ ਦਿਖਾਈ ਦੇਣਗੀਆਂ। ਇਨ੍ਹਾਂ ਹਸਤੀਆਂ ਵਿੱਚ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀਆਂ ਖਿਡਾਰਨਾਂ ਵੀ ਸ਼ਾਮਲ ਹਨ। ਕਪਿਲ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਸ ਨਾਲ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ, ਲਾਅਨ ਬਾਲਜ਼ ਵਿੱਚ ਸੋਨ ਤਗ਼ਮਾ ਜੇਤੂ ਲਵਲੀ ਚੌਬੇ, ਬਾਕਸਰ ਨਿਖ਼ਤ ਜ਼ਰੀਨ, ਸੋਨ ਤਗ਼ਮਾ ਜੇਤੂ ਲਾਅਨ ਬਾਲਰਜ਼ ਰੂਪਾ ਰਾਣੀ ਟਿਰਕੀ, ਪਿੰਕੀ ਕੌਸ਼ਿਕ ਸਿੰਘ ਤੇ ਨਯਨਮੋਨੀ ਸੇਕੀਆ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਪਿਲ ਨੇ ਲਿਖਿਆ ਹੈ, ‘ਕਪਿਲ ਸ਼ਰਮਾ ਸ਼ੋਅ ’ਤੇ ਸਾਡੀਆਂ ਸੁਨਹਿਰੀ ਲੜਕੀਆਂ ਦਾ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ, ਜਿਨ੍ਹਾਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸਾਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।’ ਜ਼ਿਕਰਯੋਗ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ 10 ਸਤੰਬਰ ਤੋਂ ਪ੍ਰਸਾਰਿਤ ਹੋਵੇਗਾ ਤੇ ਸ਼ੋਅ ਵਿੱਚ ਇਸ ਵਾਰ ਸ੍ਰਿਸ਼ਟੀ ਰੋਡੇ, ਗੌਰਵ ਦੂਬੇ, ਸ੍ਰੀਕਾਂਤ ਮਸਕੀ ਅਤੇ ਸਿਧਾਰਥ ਸਾਗਰ ਵਰਗੇ ਨਵੇਂ ਚਿਹਰੇ ਵੀ ਦਿਖਾਈ ਦੇਣਗੇ।