ਮੁੰਬਈ:ਉੱਘੀ ਅਦਾਕਾਰਾ ਨੀਤੂ ਕਪੂਰ ਹਾਲ ਹੀ ਵਿੱਚ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਦੇ ਸ਼ੈੱਟ ’ਤੇ ਇੱਕ ਪੇਸ਼ਕਾਰੀ ਦਿੰਦੀ ਹੋਈ ਮਰਹੂਮ ਅਦਾਕਾਰ ਸ਼ੰਮੀ ਕਪੂਰ ’ਤੇ ਫਿਲਮਾਏ ਪ੍ਰਸਿੱਧ ਗੀਤ ‘ਓ ਹਸੀਨਾ ਜ਼ੁਲਫੋਂ ਵਾਲੀ’ ’ਤੇ ਨੱਚੀ। ਅਦਾਕਾਰਾ ਦੀ ਇਹ ਪੇਸ਼ਕਾਰੀ ਵੇਖ ਕੇ ਦਰਸ਼ਕ ਬਹੁਤ ਖੁਸ਼ ਹੋਏ। ਇਹ ਵੀਡੀਓ ਕਲਰਜ਼ ਟੀਵੀ ਚੈਨਲ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਨੀਤੂ ਇੱਕ ਲਾਲ ਰੰਗ ਦੀ ਕਾਰ ਦੀ ਛੱਤ ’ਤੇ ਖੜ੍ਹ ਕੇ ਕੋਰੀਓਗ੍ਰਾਫ਼ਰ ਮਾਰਜ਼ੀ ਪੇਸਤਨਜੀ ਨਾਲ 1966 ਵਿੱਚ ਆਈ ਫਿਲਮ ‘ਤੀਸਰੀ ਮੰਜ਼ਿਲ’ ਦੇ ਗੀਤ ‘ਓ ਹਸੀਨਾ ਜ਼ੁਲਫੋਂ ਵਾਲੀ’ ’ਤੇ ਨੱਚਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਜਣੇ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਦੇ ਜੱਜ ਹਨ। ਇਹ ਗੀਤ ਫ਼ਿਲਮ ਵਿੱਚ ਮਰਹੂਮ ਅਦਾਕਾਰ ਸ਼ੰਮੀ ਕਪੂਰ ਅਤੇ ਅਦਾਕਾਰ ਹੇਨਲ ’ਤੇ ਫਿਲਮਾਇਆ ਗਿਆ ਸੀ। ਜਾਣਕਾਰੀ ਅਨੁਸਾਰ ਨੀਤੂ ਕਪੂਰ ਦੀ ਫਿਲਮ ‘ਜੁਗ ਜੁਗ ਜੀਓ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ ਤੇ ਇਸ ਫਿਲਮ ਵਿੱਚ ਅਨਿਲ ਕਪੂਰ, ਵਰੁਣ ਧਵਨ, ਕਿਆਰਾ ਅਡਵਾਨੀ, ਮਨੀਸ਼ ਪੌਲ ਅਤੇ ਪ੍ਰਾਜਕਤਾ ਕੋਲੀ ਵੀ ਦਿਖਾਈ ਦੇਣਗੇ।