ਮੁੰਬਈ:ਅਦਾਕਾਰਾ ਸਾਰਾ ਅਲੀ ਖਾਨ ਨੇ ਅੱਜ ਕਿਹਾ ਕਿ ਉਸ ਨੂੰ ਆਪਣੀ ਆਉਣ ਵਾਲੀ ਫਿਲਮ ‘ਐ ਵਤਨ ਮੇਰੇ ਵਤਨ’ ਵਿੱਚ ਨਿਡਰ ਅਤੇ ਦਲੇਰ ਕਿਰਦਾਰ ਨਿਭਾਉਣ ’ਤੇ ਮਾਣ ਹੈ। ਇਹ ਫਿਲਮ ਓਟੀਟੀ ਪਲੈਟਫਾਰਮ ‘ਪ੍ਰਾਈਮ ਵੀਡੀਓ’ ’ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਸਾਰਾ ਇੱਕ ਆਜ਼ਾਦੀ ਘੁਲਾਟੀਏ ਦੀ ਭੂਮਿਕਾ ’ਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਕੰਨਨ ਅਈਅਰ ਨੇ ਕੀਤਾ ਹੈ ਅਤੇ ਕਹਾਣੀ ਅਈਅਰ ਤੇ ਦਰਾਬ ਫਾਰੂਕੀ ਨੇ ਲਿਖੀ ਹੈ। ਕਰਨ ਜੌਹਰ ਦੇ ‘ਧਰਮੈਟਿਕ ਐਂਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਹ ਫਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਹ ਮੁੰਬਈ ਦੀ ਇੱਕ ਕਾਲਜ ਜਾਣ ਵਾਲੀ ਲੜਕੀ ਦੀ ਕਹਾਣੀ ਹੈ, ਜੋ ਬਾਅਦ ਵਿੱਚ ਆਜ਼ਾਦੀ ਘੁਲਾਟਣ ਬਣ ਜਾਂਦੀ ਹੈ। ਫਿਲਮ ਵਿੱਚ ਸਾਰਾ ਦੇ ਕਿਰਦਾਰ ਦੀ ਪਹਿਲੀ ਝਲਕ ਰਿਲੀਜ਼ ਹੋਣ ਮਗਰੋਂ ਅਦਾਕਾਰਾ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਪ੍ਰਾਈਮ ਵੀਡੀਓ ਅਤੇ ਧਰਮੈਟਿਕ ਐਂਟਰਟੇਨਮੈਂਟ ਨੇ ਮੈਨੂੰ ਇੱਕ ਅਜਿਹੀ ਕਹਾਣੀ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ, ਜਿਸ ਨੂੰ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ। ਇੱਕ ਅਦਾਕਾਰਾ ਤੇ ਇਸ ਤੋਂ ਵੀ ਵੱਧ ਇੱਕ ਭਾਰਤੀ ਹੋਣ ਦੇ ਨਾਤੇ ਮੈਂ ਬਹਾਦਰੀ, ਤਾਕਤ ਅਤੇ ਹਿੰਮਤ ਨੂੰ ਦਰਸਾਉਂਦਾ ਕਿਰਦਾਰ ਨਿਭਾਉਣ ਵਿੱਚ ਮਾਣ ਮਹਿਸੂਸ ਕਰ ਰਹੀ ਹਾਂ।’’ ਇਸ ਫਿਲਮ ਦੀ ਕਹਾਣੀ 1942 ਦੇ ਭਾਰਤ ਛੱਡੋ ਅੰਦੋਲਨ ਦੀ ਪਿੱਠਭੂਮੀ ’ਤੇ ਆਧਾਰਿਤ ਹੈ। ਪ੍ਰਾਈਮ ਵੀਡੀਓ ਦੇ ‘ਇੰਡੀਆ ਓਰਿਜਨਲਜ਼’ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ ‘ਐ ਵਤਨ ਮੇਰੇ ਵਤਨ’ ਰਾਹੀਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ 240 ਤੋਂ ਵੱਧ ਦੇਸ਼ਾਂ ਵਿੱਚ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਰਿਲੀਜ਼ ਤਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ।