ਮੁੰਬਈ, 13 ਅਗਸਤ

ਜਾਤ ਜਾਂਚ ਕਮੇਟੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਮੁੰਬਈ ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਨੂੰ ‘ਕਲੀਨ ਚਿੱਟ’ ਦੇ ਦਿੱਤੀ ਹੈ, ਜਿਨ੍ਹਾਂ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਕਥਿਤ ਜਾਅਲੀ ਜਾਤੀ ਸਰਟੀਫਿਕੇਟ ਪੇਸ਼ ਕਰਨ ਦਾ ਦੋਸ਼ ਲੱਗਿਆ ਸੀ। ਇਹ ਹੁਕਮ ਮਹਾਰਾਸ਼ਟਰ ਸਰਕਾਰ ਦੇ ਸਮਾਜਿਕ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਕੀਤਾ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਆਈਆਰਐੱਸ ਅਧਿਕਾਰੀ ਵਾਨਖੇੜੇ ਜਨਮ ਤੋਂ ਮੁਸਲਮਾਨ ਨਹੀਂ ਸੀ। ਇਹ ਸਾਬਤ ਹੋ ਗਿਆ ਹੈ ਕਿ ਉਹ ਮਹਾਰ ਜਾਤੀ ਨਾਲ ਸਬੰਧਤ ਹੈ, ਜੋ ਅਨੁਸੂਚਿਤ ਜਾਤੀ (ਐੱਸਸੀ) ਸ਼੍ਰੇਣੀ ਵਿੱਚ ਆਉਂਦੀ ਹੈ।