ਕੈਲਗਰੀ, ਕੈਨੇਡਾ ਦੀਆਂ ਸੰਘੀ ਚੋਣਾਂ ਲਈ ਕੈਲਗਰੀ ਦੀ ਸਕਾਈਵਿਊ ਸੀਟ ਤੋਂ ਐੱਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਦੇ ਚੋਣ ਪ੍ਰਚਾਰ ਬੈਨਰਾਂ ਉੱਪਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਸਲੀ ਟਿੱਪਣੀਆਂ ਲਿਖੇ ਜਾਣ ਤੋਂ ਇਲਾਵਾ ਕਈ ਹੋਰ ਬੋਰਡਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਕੈਲਗਰੀ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਵਾਲੀ ਸਵੇਰ ਹੀ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋਏ ਕਿ ਟੈਰਾਡੇਲ, ਮਾਰਟਿਨਡੇਲ ਤੇ ਨਾਰਥ-ਈਸਟ ਦੇ ਹੋਰ ਇਲਾਕਿਆਂ ਵਿੱਚ ਉਨ੍ਹਾਂ ਦੇ ਚੋਣ ਪ੍ਰਚਾਰ ਵਾਲੇ ਬੋਰਡਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਗੁਰਿੰਦਰ ਸਿੰਘ ਦੇ ਵਾਲੰਟੀਅਰਾਂ ਦੀ ਟੀਮ ਨੇ ਸਾਰੇ ਚੋੋਣ ਬੋਰਡ ਇਕੱਠੇ ਕੀਤੇ। ਨਸਲੀ ਟਿਪੱਣੀਆਂ ਵਾਲੇ ਬੋਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈਆਂ ਅਤੇ ਨਸਲੀ ਟਿੱਪਣੀਆਂ ਦੀ ਸਭ ਨੇ ਨਿਖੇਧੀ ਕੀਤੀ। ਦੂਜੇ ਪਾਸੇ ਕੈਲਗਰੀ ਪੁਲੀਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਇਸ ਬਾਰੇ ਸੀਸੀਟੀਵੀ ਕੈਮਰਿਆਂ ਤੇ ਹੋਰ ਸਬੂਤਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ।