ਮੁੰਬਈ:ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਅੱਜ ਐਲਾਨ ਕੀਤਾ ਕਿ ਉਸ ਦੀ ਆਉਣ ਵਾਲੀ ਫ਼ਿਲਮ ‘ਬਵਾਲ’ ਦਾ ਐਮਸਟਰਡਮ ਵਿਚਲਾ ਸ਼ੂਟਿੰਗ ਦਾ ਪੜਾਅ ਮੁਕੰਮਲ ਹੋ ਚੁੱਕਾ ਹੈ। ਹੁਣ ਉਹ ਸ਼ੂਟਿੰਗ ਦੇ ਅਗਲੇ ਗੇੜ ਲਈ ਪੋਲੈਂਡ ਜਾਣਗੇ। ਇਸ ਫਿਲਮ ਵਿੱਚ ਜਾਹਨਵੀ ਨਾਲ ਵਰੁਣ ਧਵਨ ਵੀ ਨਜ਼ਰ ਆਵੇਗਾ। ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਹਾਊਸ ‘ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ’ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਨਿਤੇਸ਼ ਤਿਵਾੜੀ ਹੈ। ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ। ਜਾਹਨਵੀ ਨੇ ਐਮਟਰਡਮ ਵਿੱਚ ਸ਼ੂਟਿੰਗ ਮੁਕੰਮਲ ਹੋਣ ਸਬੰਧੀ ਇੰਸਟਾਗ੍ਰਾਮ ’ਤੇ ਜਾਣਕਾਰੀ ਦਿੱਤੀ। ਅਦਾਕਾਰਾ ਨੇ ਆਖਿਆ ਕਿ ਟੀਮ ਹੁਣ ਫ਼ਿਲਮ ਦੀ ਰਹਿੰਦੀ ਸ਼ੂਟਿੰਗ ਮੁਕੰਮਲ ਕਰਨ ਲਈ ਪੋਲੈਂਡ ਜਾਵੇਗੀ। ਧਵਨ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਅਦਾਕਾਰਾ ਨੇ ਆਖਿਆ, ‘‘ਐਮਸਟਰਡਮ ਵਿੱਚ ‘ਬਵਾਲ’ ਖ਼ਤਮ। ਹੁਣ ਪੋਲੈਂਡ ਵਿੱਚ ਹੋਵੇਗਾ ‘ਬਵਾਲ’।’ ’ਇਹ ਫ਼ਿਲਮ ਅਗਲੇ ਸਾਲ 7 ਅਪਰੈਲ ਨੂੰ ਸਿਨੇਘਾ ਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫ਼ਿਲਮ ਵਿੱਚ ਪਹਿਲੀ ਵਾਰ ਤਿਵਾੜੀ, ਧਵਨ ਤੇ ਕਪੂਰ ਮਿਲ ਕੇ ਕੰਮ ਕਰ ਰਹੇ ਹਨ। ਵਰੁਣ ਧਵਨ ਹਾਲ ਹੀ ਵਿੱਚ ਕਰਨ ਜੌਹਨ ਦੀ ਫ਼ਿਲਮ ‘ਜੁਗਜੁਗ ਜੀਓ’ ਵਿੱਚ ਨਜ਼ਰ ਆਇਆ ਸੀ।