ਓਟਵਾ, 19 ਨਵੰਬਰ : ਬੀ ਸੀ ਵਿੱਚ ਹੜ੍ਹਾਂ ਕਾਰਨ ਪੈਦਾ ਹੋਏ ਐਮਰਜੰਸੀ ਵਾਲੇ ਹਾਲਾਤ ਨਾਲ ਸਿੱਝਣ ਲਈ 120 ਕੈਨੇਡੀਅਨ ਸੈਨਿਕ ਐਬਸਫੋਰਡ ਜਾਣਗੇ। ਇਸਦੀ ਪੁਸ਼ਟੀ ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੀ ਗਈ।
ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ, ਟਰਾਂਸਪੋਰਟ ਮੰਤਰੀ ਓਮਰ ਅਲਘਬਰਾ, ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੌਨਾਥਨ ਵਿਲਕਿੰਸਨ ਦੀ ਮੌਜੂਦਗੀ ਵਿੱਚ ਆਨੰਦ ਨੇ ਆਖਿਆ ਕਿ ਅਗਲੇ 30 ਦਿਨਾਂ ਲਈ, ਤੇ ਲੋੜ ਪੈਣ ਉੱਤੇ ਇਸ ਤੋਂ ਵੀ ਜਿ਼ਆਦਾ ਸਮੇਂ ਲਈ, ਇਸ ਸੰਕਟ ਦੀ ਘੜੀ ਵਿੱਚੋਂ ਬੀ ਸੀ ਵਾਸੀਆਂ ਨੂੰ ਬਾਹਰ ਕੱਢਣ ਲਈ, ਕੈਨੇਡੀਅਨ ਸੈਨਿਕ ਉੱਥੇ ਰਹਿਣਗੇ।
ਇਹ ਸੈਨਿਕ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਪਹੁੰਚਾਉਣ, ਲੋੜਵੰਦਾਂ ਦੀ ਮਦਦ ਕਰਨ, ਕਿਸੇ ਥਾਂ ਉੱਤੇ ਫਸੇ ਲੋਕਾਂ ਨੂੰ ਬਾਹਰ ਕੱਢਣ, ਪ੍ਰੋਵਿੰਸ਼ੀਅਲ ਸਪਲਾਈ ਚੇਨ ਨੂੰ ਬਚਾਉਣ, ਰਾਹਤ ਕਾਰਜ ਸ਼ੁਰੂ ਕਰਨ ਲਈ ਹੜ੍ਹਾਂ ਦੇ ਅਸਰ ਦੀ ਜਾਂਚ ਕਰਨ ਤੇ ਬੁਨਿਆਦੀ ਢਾਂਚੇ ਨੂੰ ਬਚਾਉਣ ਵਿੱਚ ਲੋਕਲ ਅਧਿਕਾਰੀਆਂ ਦੀ ਮਦਦ ਕਰਨਗੇ। ਹੜ੍ਹਾਂ ਨੇ ਸੱਭ ਤੋਂ ਵੱਧ ਮਾਰ ਪ੍ਰੋਵਿੰਸ ਦੇ ਦੱਖਣਪੱਛਮੀ ਇਲਾਕੇ ਵਿੱਚ ਮਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰ ਬਾਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ।
ਐਬਸਫੋਰਡ ਦੀ ਖੇਤੀਬਾੜੀ ਕਮਿਊਨਿਟੀ ਉੱਤੇ ਵੀ ਕੁਦਰਤ ਦੀ ਭਾਰੀ ਮਾਰ ਵਗੀ ਹੈ ਤੇ ਮੇਅਰ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਪਾਣੀ ਨੂੰ ਬਾਹਰ ਕਰਨ ਲਈ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਬੁੱਧਵਾਰ ਨੂੰ ਬੀ ਸੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ ਗਈ ਸੀ। ਉਸੇ ਦਿਨ ਹੀ ਫੈਡਰਲ ਸਰਕਾਰ ਨੇ ਮਦਦ ਪਹੁੰਚਾਉਣ ਦਾ ਐਲਾਨ ਵੀ ਕੀਤਾ ਸੀ।