ਭਗਤਾ ਭਾਈ, 24 ਨਵੰਬਰ

ਕਸਬਾ ਭਗਤਾ ਭਾਈ ਵਿਚ ਕਰੀਬ ਸਾਲ ਪਹਿਲਾਂ ਡੇਰਾ ਸਿਰਸਾ ਦੇ ਪੈਰੋਕਾਰ ਮਨੋਹਰ ਲਾਲ (53) ਦੇ ਕਤਲ ਮਾਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ ਟੀਮ ਅੱਜ ਸਥਾਨਕ ਸ਼ਹਿਰ ਪੁੱਜੀ। ਜਾਂਚ ਟੀਮ ਨੇ ਮ੍ਰਿਤਕ ਮਨੋਹਰ ਲਾਲ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਇਹ ਵੀ ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਕਰਾਈਮ ਸੀਨ ਦੁਹਰਾਇਆ। ਗੌਰਤਲਬ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਸਥਾਨਕ ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਮੋਬਾਈਲਾਂ ਦੀ ਦੁਕਾਨ ਸੀ ਜਿੱਥੋਂ ਉਹ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦਾ ਵੀ ਕੰਮ ਕਰਦਾ ਸੀ। ਪਿਛਲੇ ਸਾਲ 20 ਨਵੰਬਰ ਨੂੰ ਮਨੋਹਰ ਲਾਲ ਜਦੋਂ ਦੁਕਾਨ ਵਿਚ ਬੈਠਾ ਸੀ ਤਾਂ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਕਤ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਲੰਮੇ ਗਰੁੱਪ ਨੇ ਲੈਂਦਿਆਂ ਕਤਲ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੱਸਿਆ ਸੀ।