ਨਵੀਂ ਦਿੱਲੀ:ਬੌਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਨੇ ਸਿਨੇ ਜਗਤ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਕਰੀਅਰ ਦੌਰਾਨ ਖੁਦ ਨੂੰ ਐਕਸ਼ਨ ਅਦਾਕਾਰ ਵਜੋਂ ਸਥਾਪਿਤ ਕੀਤਾ ਹੈ। ਇਸ ਪ੍ਰਾਪਤੀ ਤੋਂ ਅਦਾਕਾਰ ਬਹੁਤ ਖੁਸ਼ ਹੈ। 41 ਸਾਲਾ ਅਦਾਕਾਰ ਵਿਦਯੁਤ ਨੂੰ ਮਾਰਸ਼ਲ ਆਰਟ ਵਿਚ ਵੀ ਮੁਹਾਰਤ ਹਾਸਲ ਹੈ ਤੇ ਉਸ ਨੇ ‘ਕਮਾਂਡੋ’ ਅਤੇ ‘ਖੁਦਾ ਹਾਫਿਜ਼’ ਵਿੱਚ ਵੀ ਕੰਮ ਕੀਤਾ ਹੈ। ਜਾਮਵਾਲ ਨੇ ਦੱਸਿਆ ਕਿ ਉਹ ਇਕੋ ਜਿਹੇ ਕਿਰਦਾਰ ਮਿਲਣ ’ਤੇ ਮਾਣ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ ਕਿ ਜੇ ਤੁਹਾਡੇ ਵਿੱਚ ਕਿਸੇ ਖਾਸ ਕੰਮ ਨੂੰ ਕਰਨ ਦਾ ਹੁਨਰ ਹੈ ਤਾਂ ਹੀ ਉਹੋ ਜਿਹਾ ਕੰਮ ਮਿਲਦਾ ਹੈ ਪਰ ਇਕੋ ਜਿਹੀ ਭੂਮਿਕਾ (ਟਾਈਪਕਾਸਟ) ਦਾ ਕੰਮ ਮਿਲਣਾ ਵੀ ਸੌਖਾ ਨਹੀਂ ਹੈ। ‘ਖੁਦਾ ਹਾਫਿਜ਼’ ਵਿੱਚ ਜਾਮਵਾਲ ਨੇ ਸਮੀਰ ਦਾ ਕਿਰਦਾਰ ਨਿਭਾਇਆ ਹੈ। ‘ਖੁਦਾ ਹਾਫਿਜ਼: ਪਾਰਟ 2-ਅਗਨੀ ਪ੍ਰੀਕਸ਼ਾ’ ਪਹਿਲੀ ਫਿਲਮ ਦਾ ਅਗਲਾ ਹਿੱਸਾ ਹੈ। ਇਹ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ।