ਓਟਵਾ, 23 ਨਵੰਬਰ  : ਪਾਰਲੀਆਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ।
ਸੋਮਵਾਰ ਨੂੰ ਰੋਟਾ ਦੀ ਸਪੀਕਰ ਵਜੋਂ ਮੁੜ ਕੀਤੀ ਗਈ ਚੋਣ ਕੋਈ ਹੈਰਾਨੀ ਵਾਲਾ ਫੈਸਲਾ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਹਾਉਸ ਆਫ ਕਾਮਨਜ਼ ਦੀ ਕਾਰਵਾਈ ਨੂੰ ਬਿਨਾਂ ਪੱਖਪਾਤ ਦੇ ਬੜੇ ਹੀ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਰੋਟਾ ਦੀ ਆਪਣੀ ਪਾਰਟੀ ਵੱਲੋਂ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਾਫੀ ਸਿਫਤ ਹੋਈ। ਰੋਟਾ ਨੂੰ ਸਾਰੇ ਉਨ੍ਹਾਂ ਦੇ ਮਜ਼ਾਕੀਆ ਤੇ ਸ਼ਾਂਤ ਸੁਭਾਅ ਲਈ ਵੀ ਪਸੰਦ ਕਰਦੇ ਹਨ।
20 ਸਤੰਬਰ ਨੂੰ ਕੈਨੇਡੀਅਨਜ਼ ਨੇ ਇੱਕ ਵਾਰੀ ਫਿਰ ਘੱਟਗਿਣਤੀ ਲਿਬਰਲ ਸਰਕਾਰ ਦੀ ਚੋਣ ਕੀਤੀ ਸੀ।ਇਸ ਤੋਂ ਬਾਅਦ ਸੀਟਾਂ ਵਿੱਚ ਮਾਮੂਲੀ ਫੇਰਬਦਲ ਹੋਇਆ ਸੀ।ਪੰਜ ਮਹੀਨਿਆਂ ਵਿੱਚ ਪਹਿਲੀ ਵਾਰੀ ਸੋਮਵਾਰ ਨੂੰ ਐਮਪੀਜ਼ ਹਾਊਸ ਆਫ ਕਾਮਨਜ਼ ਵਿੱਚ ਪਰਤੇ ਤੇ ਨਵਾਂ ਸਪੀਕਰ ਚੁਣਿਆ ਜਾਣਾ ਸੰਸਦ ਦੀ ਕਾਰਵਾਈ ਸ਼ੁਰੂ ਕਰਨ ਦਾ ਪਹਿਲਾ ਕਦਮ ਹੈ। ਇਸ ਅਹੁਦੇ ਲਈ ਛੇ ਹੋਰ ਐਮਪੀਜ਼ ਮੁਕਾਬਲੇ ਵਿੱਚ ਨਿੱਤਰੇ ਸਨ ਜਿਨ੍ਹਾਂ ਵਿੱਚੋਂ ਤਿੰਨ ਕੰਜ਼ਰਵੇਟਿਵ, ਇੱਕ ਲਿਬਰਲ, ਇੱਕ ਨਿਊ ਡੈਮੋਕੈ੍ਰਟ ਤੇ ਇੱਕ ਗ੍ਰੀਨ ਸੀ। ਐਮਪੀਜ਼ ਵੱਲੋਂ ਗੁਪਤ ਵੋਟਿੰਗ ਕਰਨ ਤੋਂ ਬਾਅਦ ਰੋਟਾ ਜੇਤੂ ਰਹੇ।