ਓਟਵਾ, 17 ਅਕਤੂਬਰ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਤੇ ਉਨ੍ਹਾਂ ਦੇ ਕਾਕਸ ਵੱਲੋਂ ਨਵੀਂ ਪਾਰਲੀਆਮੈਂਟਰੀ ਐਂਟੀ ਕਰੱਪਸ਼ਨ ਕਮੇਟੀ ਸਬੰਧੀ ਲਿਆਂਦੇ ਜਾਣ ਵਾਲੇ ਪ੍ਰਸਤਾਵ ਉੱਤੇ ਵੋਟ ਕਰਵਾਉਣ ਲਈ ਜੋæਰ ਲਾਇਆ ਜਾ ਰਿਹਾ ਹੈ| ਕੰਜ਼ਰਵੇਟਿਵ ਚਾਹੁੰਦੇ ਹਨ ਕਿ ਵੁਈ ਚੈਰਿਟੀ ਵਿਵਾਦ ਸਮੇਤ ਲਿਬਰਲਾਂ ਦੇ ਹੋਰ ਕਥਿਤ ਸਕੈਂਡਲਜ਼ ਦੀ ਵੀ ਅਜਿਹੀ ਕਮੇਟੀ ਤੋਂ ਜਾਂਚ ਕਰਵਾਈ ਜਾਵੇ|
ਇਸ ਸਬੰਧ ਵਿੱਚ ਓਟੂਲ ਵੱਲੋਂ ਨੋਟਿਸ ਦਿੱਤਾ ਗਿਆ ਹੈ ਕਿ ਮੰਗਲਵਾਰ, ਜਿਸ ਦਿਨ ਕੰਜ਼ਰਵੇਟਿਵਾਂ ਦਾ ਪਹਿਲਾ ਨਿਰਧਾਰਤ ਆਪੋਜ਼ਿਸ਼ਨ ਡੇਅ ਹੈ, ਉਹ ਅਜਿਹਾ ਮਤਾ ਲਿਆਉਣਾ ਚਾਹੁੰਦੇ ਹਨ ਜਿਸ ਵਿੱਚ ਕੰਜ਼ਰਵੇਟਿਵਾਂ ਦੀ ਅਗਵਾਈ ਵਾਲੀ ਸੁਪਰ ਕਮੇਟੀ ਕਾਇਮ ਕੀਤੀ ਜਾਵੇ| ਇਸ ਕਮੇਟੀ ਵਿੱਚ 15 ਐਮਪੀਜ਼ ਨੂੰ ਸ਼ਾਮਲ ਕੀਤਾ ਜਾਵੇ ਤੇ ਇਹ ਕਮੇਟੀ ਲਿਬਰਲਾਂ ਵੱਲੋਂ ਕੀਤੇ ਗਏ ਕਥਿਤ ਭ੍ਰਿਸ਼ਟਾਚਾਰ ਤੇ ਕੌਨਫਲਿਕਟ ਆਫ ਇੰਟਰਸਟ ਮਾਮਲਿਆਂ ਦੀ ਜਾਂਚ ਕਰੇ|
ਅਸਲ ਵਿੱਚ ਕੰਜ਼ਰਵੇਟਿਵ ਵੁਈ ਚੈਰਿਟੀ ਵਿਵਾਦ ਦੀ ਜੜ੍ਹ ਤੱਕ ਪਹੁੰਚਣ ਲਈ ਹਰ ਹੀਲਾ ਵਰਤਣਾ ਚਾਹੁੰਦੇ ਹਨ| ਦੂਜੇ ਪਾਸੇ ਲਿਬਰਲ ਇਸ ਤਰ੍ਹਾਂ ਦੇ ਮਤੇ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ| ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਇਸ ਤਰ੍ਹਾਂ ਦੀ ਕੋਈ ਸਪੈਸ਼ਲ ਕਮੇਟੀ ਕਾਇਮ ਕਰਨ ਦੀ ਮੰਗ ਤੋਂ ਇਨਕਾਰ ਕਰ ਚੁੱਕੇ ਹਨ|