ਜਕਾਰਤਾ, 2 ਜੂਨ

ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਏਸ਼ੀਆ ਕੱਪ ਵਿਚ ਜਪਾਨ ਨੂੰ 1-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਗੋਲਾਂ ਦੇ ਫ਼ਰਕ ਕਾਰਨ ਭਾਰਤੀ ਟੀਮ ਫਾਈਨਲ ਵਿਚ ਪਹੁੰਚਣ ਤੋਂ ਖੁੰਝ ਗਈ ਸੀ। ਮੰਗਲਵਾਰ ਭਾਰਤੀ ਟੀਮ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ 4-4 ਨਾਲ ਡਰਾਅ ਰਿਹਾ ਸੀ। ਭਾਰਤ ਵੱਲੋਂ ਇਕੋ-ਇਕ ਗੋਲ ਅੱਜ ਰਾਜ ਕੁਮਾਰ ਪਾਲ ਨੇ ਅੱਜ ਸੱਤਵੇਂ ਮਿੰਟ ਵਿਚ ਕੀਤਾ। ਇਸੇ ਦੌਰਾਨ ਦੱਖਣੀ ਕੋਰੀਆ ਨੇ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਖ਼ਿਤਾਬ ਜਿੱਤ ਲਿਆ। ਭਾਰਤੀ ਟੀਮ ਨੂੰ ਪਹਿਲਾ ਗੋਲ ਕਰਨ ਤੋਂ ਬਾਅਦ ਦੋ ਪੈਨਲਟੀ ਕਾਰਨਰ ਵੀ ਮਿਲੇ ਪਰ ਮੌਕਿਆਂ ਨੂੰ ਗੋਲ ਵਿਚ ਨਹੀਂ ਬਦਲਿਆ ਜਾ ਸਕਿਆ। ਜਪਾਨ ਨੇ ਮੈਚ ਦੌਰਾਨ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਭਾਰਤ ਦੀ ਰੱਖਿਆ ਕਤਾਰ ਅੱਗੇ ਨਾਕਾਮ ਰਹੇ। ਜਪਾਨ ਨੂੰ ਵੀ 48ਵੇਂ ਮਿੰਟ ਵਿਚ ਤਿੰਨ ਲਗਾਤਾਰ ਪੈਨਲਟੀ ਕਾਰਨਰ ਮਿਲੇ ਪਰ ਉਹ ਮੌਕਿਆਂ ਦਾ ਫਾਇਦਾ ਨਹੀਂ ਉਠਾ ਸਕੇ।