ਨਵੀਂ ਦਿੱਲੀ, 25 ਮਈ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅੱਜ ਕਿਹਾ ਕਿ ਏਸ਼ੀਆ ਕੱਪ ਦੇ ਸਥਾਨ ਦਾ ਫੈਸਲਾ ਆਈਪੀਐੱਲ ਫਾਈਨਲ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ, ਜਿਸ ਵਿਚ ਏਸ਼ੀਅਨ ਕ੍ਰਿਕਟ ਕੌਂਸਲ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਜੈ ਸ਼ਾਹ ਨੇ ਦੱਸਿਆ, ‘ਏਸ਼ੀਆ ਕੱਪ ਦਾ ਸਥਾਨ ਤੈਅ ਨਹੀਂ ਹੋਇਆ ਹੈ। ਅਸੀਂ ਇਸ ਸਮੇਂ ਆਈਪੀਐੱਲ ਵਿੱਚ ਰੁੱਝੇ ਹੋਏ ਹਾਂ ਪਰ ਸ੍ਰੀਲੰਕਾ ਕ੍ਰਿਕਟ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਧਿਕਾਰੀ ਆਈਪੀਐੱਲ ਫਾਈਨਲ ਦੇਖਣ ਲਈ ਆ ਰਹੇ ਹਨ। ਅਸੀਂ ਇਸ ‘ਤੇ ਚਰਚਾ ਕਰਕੇ ਢੁਕਵੇਂ ਸਮੇਂ ‘ਤੇ ਕੋਈ ਫੈਸਲਾ ਲਵਾਂਗੇ।’ ਪਾਕਿਸਤਾਨ ਇਸ ਸਾਲ ਏਸ਼ੀਆ ਕੱਪ ਦਾ ਮੇਜ਼ਬਾਨ ਹੈ ਪਰ ਭਾਰਤੀ ਕ੍ਰਿਕਟ ਟੀਮ ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕਰ ਸਕਦੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਨਜ਼ਮ ਸੇਠੀ ਨੇ ‘ਹਾਈਬ੍ਰਿਡ ਮਾਡਲ’ ਦਾ ਪ੍ਰਸਤਾਵ ਰੱਖਿਆ ਤਾਂ ਜੋ ਚਾਰ ਮੈਚ ਆਪਣੇ ਦੇਸ਼ ‘ਚ ਕਰਵਾਏ ਜਾ ਸਕਣ।