ਮੁੰਬਈ:ਔਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉੱਘੇ ਲੇਖਕ-ਸ਼ਾਇਰ ਤੇ ਫ਼ਿਲਮਸਾਜ਼ ਗੁਲਜ਼ਾਰ ਧਨਾਢ ਸਨਅਤਕਾਰ ਸੁਬਰਤਾ ਰੌਇ ਦੇ ਜੀਵਨ ’ਤੇ ਆਧਾਰਿਤ ਬਣਨ ਜਾ ਰਹੀ ਫਿਲਮ ਵਿੱਚ ਇਕੱਠਿਆਂ ਕੰਮ ਕਰਨਗੇ। ਰਹਿਮਾਨ ਨੇ ਕਿਹਾ, ‘ਗੁਲਜ਼ਾਰ ਸਾਹਿਬ ਦੇ ਭਾਵਪੂਰਨ ਸ਼ਬਦ ਕਿਸੇ ਵੀ ਸੰਗੀਤਕਾਰ ਲਈ ਇੱਕ ਪ੍ਰੇਰਨਾ ਸਰੋਤ ਹੁੰਦੇ ਹਨ ਤੇ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਬਹੁਤ ਹੀ ਉਤਸ਼ਾਹਿਤ ਹਾਂ।’ ਇਸ ਮੌਕੇ ਗੁਲਜ਼ਾਰ ਨੇ ਕਿਹਾ, ‘ਰਹਿਮਾਨ ਨਾਲ ਦੁਬਾਰਾ ਕੰਮ ਕਰਕੇ ਬਹੁਤ ਹੀ ਆਨੰਦ ਆਵੇਗਾ। ਸੁਬਰਤਾ ਰੌਇ ਦਾ ਜੀਵਨ ਬਹੁਤ ਹੀ ਰਹੱਸਮਈ ਤੇ ਪ੍ਰੇਰਨਾ ਭਰਿਆ ਰਿਹਾ ਹੈ।’ ਗੁਲਜ਼ਾਰ ਨੇ ਕਿਹਾ, ‘ਰਹਿਮਾਨ ਇੱਕ ਵਧੀਆ ਕਲਾਕਾਰ ਤੇ ਸੰਗੀਤਕਾਰ ਹੈ ਅਤੇ ਮੈਂ ਉਸ ਨਾਲ ਦੁਬਾਰਾ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’ ਜ਼ਿਕਰਯੋਗ ਹੈ ਕਿ ਸੁਬਰਤਾ ਰੌਇ ਸਹਾਰਾ ਇੰਡੀਆ ਪਰਿਵਾਰ ਦਾ ਚੇਅਰਮੈਨ ਹੈ। ਸੁਬਰਤਾ ਅਤੇ ਉਸ ਦੀਆਂ ਦੋ ਕੰਪਨੀਆਂ ’ਤੇ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵੱਲੋਂ 2010 ਵਿੱਚ ਰੋਕ ਲਗਾ ਦਿੱਤੀ ਗਈ ਸੀ। ਇਸ ਮਗਰੋਂ ਰੋਇ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ, ਜੋ 2016 ਵਿੱਚ ਪੈਰੋਲ ’ਤੇ ਬਾਹਰ ਆਇਆ। ਸੁਬਰਤਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ਬਣਨ ਦੀ ਖ਼ਬਰ ਪਿਛਲੇ ਮਹੀਨੇ ਸਾਂਝੀ ਕੀਤੀ ਗਈ ਸੀ ਜਦੋਂ ਸੰਦੀਪ ਸਿੰਘ ਨੇ ਇਸ ਫਿਲਮ ਦੇ ਸਾਰੇ ਅਖ਼ਤਿਆਰ ਖਰੀਦ ਲਏ ਸਨ। ਇਹ ਫ਼ਿਲਮ ਸੰਦੀਪ ਸਿੰਘ ਵੱਲੋਂ ਤਿਆਰ ਕੀਤੀ ਜਾ ਰਹੀ ਹੈ।