ਕੋਰਾਈ (ਉੜੀਸਾ), 21 ਨਵੰਬਰ

ਉੜੀਸਾ ਦੇ ਜੱਜਪੁਰ ਜ਼ਿਲ੍ਹੇ ਵਿੱਚ ਪੂਰਬੀ ਕੋਸਟ ਰੇਲਵੇ ਅਧੀਨ ਪੈਂਦੇ ਕੋਰਾਈ ਸਟੇਸ਼ਨ ’ਤੇ ਇੱਕ ਮਾਲਗੱਡੀ ਪੱਟੜੀ ਤੋਂ ਉੱਤਰਨ ਕਾਰਨ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਜਦਕਿ ਇੱਕ ਬੱਚੇ ਸਣੇ 7 ਹੋਰ ਜ਼ਖ਼ਮੀ ਹੋਏੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮਾਲਗੱਡੀ ਨਾਲ ਇਹ ਹਾਦਸਾ ਅੱਜ ਤੜਕੇ ਲਗਪਗ 6.44 ਵਜੇ ਵਾਪਰਿਆ ਜਦੋਂ ਲੋਕ ਪਲੈਟਫਾਰ ਅਤੇ ਉਡੀਕ ਹਾਲ ਵਿੱਚ ਬੈਠ ਕੇ ਰੇਲਗੱਡੀ  ਦੀ ਉਡੀਕ ਕਰ ਰਹੇ ਸਨ। ਹਾਦਸੇ ਦੌਰਾਨ ਰੇਲਵੇ ਸਟੇਸ਼ਨ ਦੀ ਇਮਾਰਤ ਵੀ ਨੁਕਸਾਨੀ ਗਈ। ਰਾਹਤ ਟੀਮਾਂ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਹਾਦਸੇ ਕਾਰਨ ਦੋਵੇਂ ਪੱਟੜੀਆਂ ਬਲਾਕ ਹੋ ਗਈਆਂ ਜਿਸ ਕਾਰਨ ਕੁਝ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਜਦਕਿ ਕੁਝ ਦਾ ਰੂਟ ਬਦਲਿਆ ਗਿਆ ਹੈ। ਇਸੇ ਉੜੀਸਾ ਦੇ ਮੁੱਖ ਮੰਤਰੀ ਨੇ ਹਾਦਸੇ ਮਾਰੇ ਗੲੇ ਲੋਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਬਾਅਦ ਵਿੱਚ ਇੱਕ ਸੀਨੀਅਰ ਨੇ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਬੋਗੀਆਂ ਪੱਟੜੀਆਂ ਤੋਂ ਹਟਾ ਦਿੱਤੀਆਂ ਗਈਆਂ ਹਨ ਅਤੇ ਕਿਸੇ ਦੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਨਹੀਂ ਹੈ। ਸਟੇਸ਼ਨ ਸਟਾਫ ਨੇ ਦੱਸਿਆ ਕਿ ਡਰਾਈਵਰ ਖਾਲੀ ਮਾਲਗੱਡੀ ਲੈ ਕੇ ਡੌਂਗੋਆਪੋਸੀ ਤੋਂ ਛਤਰਪੁਰ ਜਾ ਰਿਹਾ ਸੀ ਕਿ ਅਚਾਨਕ ਬਰੇਕ ਲਾਉਣ ਕਾਰਨ ਅੱਠ ਬੋਗੀਆਂ ਪੱਟੜੀ ਤੋਂ ਲੱਥ ਕੇ ਪਲੈਟਫਾਰਮ ’ਤੇ ਖੜ੍ਹੇ ਤੇ ਉਡੀਕ ਹਾਲ ’ਚ ਬੈਠੇ ਯਾਤਰੀਆਂ ਨਾਲ ਟਕਰਾ ਗਈਆਂ।