ਸਹਾਰਨਪੁਰ, 20 ਸਤੰਬਰ

ਯੂਪੀ ਸਰਕਾਰ ਨੇ ਸਹਾਰਨਪੁਰ ਵਿਚ ਕਬੱਡੀ ਖਿਡਾਰੀਆਂ ਨੂੰ ਪਖਾਨੇ ਵਿਚ ਖਾਣਾ ਪਰੋਸਣ ਦੇ ਦੋਸ਼ ਹੇਠ ਜ਼ਿਲ੍ਹਾ ਖੇਡ ਅਧਿਕਾਰੀ ਅਨਿਮੇਸ਼ ਸਕਸੈਨਾ ਨੂੰ ਮੁਅੱਤਲ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ ਖੇਡਾਂ ਨਵਨੀਤ ਸਹਿਗਲ ਨੇ ਦੱਸਿਆ ਕਿ ਅਨਿਮੇਸ਼ ਦੀ ਮੁਅੱਤਲੀ ਦੇ ਹੁਕਮ ਤੁਰੰਤ ਲਾਗੂ ਹੋ ਗਏ ਹਨ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਯੂਪੀ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਈ ਟਵੀਟ ਵੀ ਕੀਤੇ ਹਨ। ਦੂਜੇ ਪਾਸੇ ਸੂਬਾ ਸਰਕਾਰ ਨੇ ਏਡੀਐਮ ਵਿੱਤ ਅਤੇ ਮਾਲ ਰਜਨੀਸ਼ ਕੁਮਾਰ ਮਿਸ਼ਰਾ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਖਿਡਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਧ ਪਕਾਇਆ ਖਾਣਾ ਪਰੋਸਿਆ ਜਾ ਰਿਹਾ ਸੀ। ਦੂਜੇ ਪਾਸੇ ਪ੍ਰਬੰਧਕਾਂ ਨੇ ਕਿਹਾ ਕਿ ਥਾਂ ਦੀ ਘਾਟ ਕਾਰਨ ਖਾਣਾ ਪਖਾਨਿਆਂ ਵਿੱਚ ਰੱਖਿਆ ਗਿਆ ਸੀ।