ਹੈਦਰਾਬਾਦ, 18 ਜਨਵਰੀ

ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਅਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 349 ਦੌੜਾਂ ਬਣਾਈਆਂ। ਇਸ ਵਿੱਚ ਸਾਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 149 ਗੇਂਦਾਂ ਵਿੱਚ 208 ਦੌੜਾਂ ਬਣਾਈਆਂ। ਆਪਣੀ ਪਾਰੀ ਵਿੱਚ ਉਸ ਨੇ 19 ਚੌਕੇ ਅਤੇ 9 ਛਿੱਕੇ ਜੜੇ। ਗਿੱਲ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ 19 ਪਾਰੀਆਂ ਵਿੱਚ ਹਜ਼ਾਰ ਦੌੜਾਂ ਬਣਾ ਕੇ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਤੋਂ ਇਲਾਵਾ ਭਾਰਤ ਦਾ ਹੋਰ ਕੋਈ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕਿਆ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 49.2 ਓਵਰਾਂ ਵਿੱਚ 337 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਚਾਰ, ਕੁਲਦੀਪ ਯਾਦਵ ਤੇ ਸ਼ਾਰਦੁਲ ਠਾਕੁਰ ਨੇ ਦੋ-ਦੋ ਅਤੇ ਮੁਹੰਮਦ ਸ਼ਮੀ ਤੇ ਹਾਰਦਿਕ ਪੰਡਿਆ ਨੇ ਇੱਕ-ਇੱਕ ਵਿਕਟ ਲਈ।