ਸੁਖਵਿੰਦਰ ਕੌਰ ਸਿੱਧੂ

ਰਾਜਪਾਲ ਅਤੇ ਰਵਿੰਦਰ ਦੋਵੇਂ ਗੂੜ੍ਹੇ ਦੋਸਤ ਸਨ। ਇੱਕ ਹੀ ਸਕੂਲ ਅਤੇ ਇੱਕ ਹੀ ਜਮਾਤ ਵਿੱਚ ਪੜ੍ਹਦੇ ਸਨ। ਘਰ ਨੇੜੇ ਹੋਣ ਕਾਰਨ ਜ਼ਿਆਦਾ ਸਮਾਂ ਇਕੱਠੇ ਹੀ ਬਿਤਾਉਂਦੇ। ਰਵਿੰਦਰ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸੀ, ਪਰ ਰਾਜਪਾਲ ਪੜ੍ਹਾਈ ਵਿੱਚ ਘੱਟ ਦਿਲਚਸਪੀ ਲੈਂਦਾ ਸੀ।

ਰਵਿੰਦਰ ਸਕੂਲ ਅਤੇ ਘਰ ਦਾ ਸਾਰਾ ਕੰਮ ਪੂਰਾ ਕਰਦਾ, ਪਰ ਰਾਜਪਾਲ ਜਾਂ ਤਾਂ ਕੰਮ ਕਰਦਾ ਨਾ, ਜੇਕਰ ਕਰਦਾ ਤਾਂ ਰਵਿੰਦਰ ਦੀ ਨਕਲ ਕਰਕੇ ਕਾਪੀ ਪੂਰੀ ਕਰ ਲੈਂਦਾ। ਉਹ ਆਪ ਯਾਦ ਕਰਨ ਜਾਂ ਸਵਾਲ ਕੱਢਣ ਦੀ ਕੋਸ਼ਿਸ਼ ਨਾ ਕਰਦਾ। ਉਹ ਰਵਿੰਦਰ ਨਾਲ ਦੋਸਤੀ ਵੀ ਇਸੇ ਕਰਕੇ ਰੱਖਦਾ ਸੀ ਕਿ ਲੋੜ ਵੇਲੇ ਉਸ ਦੇ ਕੰਮ ਆਉਂਦਾ ਹੈ। ਰਵਿੰਦਰ ਉਸ ਨੂੰ ਕਈ ਵਾਰੀ ਕੰਮ ਆਪਣੇ ਆਪ ਕਰਨ ਲਈ ਆਖ ਦਿੰਦਾ, ਪਰ ਰਾਜਪਾਲ ਮਿੰਨਤਾਂ ਕਰਕੇ ਫੇਰ ਉਸ ਦੀ ਕਾਪੀ ਫੜ ਕੇ ਨਕਲ ਕਰ ਲੈਂਦਾ। ਰਾਜਪਾਲ ਦੇ ਅਕਸਰ ਸਕੂਲ ਵਿਚ ਝਿੜਕਾਂ ਪੈਂਦੀਆਂ। ਜਿਸ ਦਿਨ ਜ਼ਿਆਦਾ ਝਿੜਕਾਂ ਪੈ ਜਾਂਦੀਆਂ, ਉਹ ਅਗਲੇ ਦਿਨ ਸਕੂਲ ਹੀ ਨਾ ਜਾਂਦਾ।

ਰਵਿੰਦਰ ਜਦੋਂ ਕਦੇ ਉਸ ਨੂੰ ਪੜ੍ਹਨ ਲਈ ਪ੍ਰੇਰਦਾ ਤਾਂ ਰਾਜਪਾਲ ਮੁਸਕਰਾ ਕੇ ਆਖਦਾ, ‘ਦੇਖ ਰਵਿੰਦਰ! ਪਾਸ ਤਾਂ ਆਪਾਂ ਹੋ ਹੀ ਜਾਣਾ ਹੈ, ਫੇਰ ਯਾਰ ਮੱਥਾ ਮਾਰਨ ਦਾ ਕੀ ਫਾਇਦਾ।’ ਰਵਿੰਦਰ ਸਮਝਾਉਣ ਦੀ ਕੋਸ਼ਿਸ਼ ਕਰਦਾ ਆਖਦਾ, ‘ਦੇਖ ਰਾਜਪਾਲ ਇਹ ਪਾਸ ਕਰਨ ਵਾਲਾ ਸਿਸਟਮ ਜ਼ਿਆਦਾ ਦੇਰ ਨਹੀਂ ਚੱਲਣਾ। ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ। ਅੱਗੇ ਜਦੋਂ ਆਪਾਂ ਵੱਡੀ ਕਲਾਸ ਵਿੱਚ ਹੋਵਾਂਗੇ ਫਿਰ ਮੁਸ਼ਕਿਲ ਹੋ ਜਾਵੇਗੀ।’

‘ਓ ਯਾਰ, ਮੈਨੂੰ ਨਾ ਕਦੇ-ਕਦੇ ਤੂੰ ਮੇਰਾ ਬਾਪੂ ਲੱਗਣ ਲੱਗ ਜਾਂਦਾ। ਉਹ ਵੀ ਸਾਰਾ ਦਿਨ ਪੜ੍ਹ ਲੈ, ਪੜ੍ਹ ਲੈ ਦਾ ਰਾਗ ਹੀ ਅਲਾਪੀ ਜਾਊ। ਅਖੇ, ਪੜ੍ਹ ਲੈ ਸ਼ੇਰਾ ਮੈਂ ਤਾਂ ਅੰਗੂਠਾ ਛਾਪ ਰਹਿ ਗਿਆ ਤੂੰ ਤਾਂ ਆਵਦੀ ਜ਼ਿੰਦਗੀ ਬਣਾ ਲੈ। ਮੇਰੇ ਤਾਂ ਕੰਨ ਪਹਿਲਾਂ ਉਹ ਖਾਂਦੈ, ਹੁਣ ਤੂੰ ਲੱਗ ਗਿਆ ਲੈਕਚਰ ਝਾੜਨ।’ ਰਾਜਪਾਲ ਹੱਸ ਕੇ ਆਖਦਾ।

ਦਿਨ ਬੀਤਦੇ ਗਏ ਬਹੁਤਿਆਂ ਦੇ ਸਮਝਾਉਣ ਦਾ ਵੀ ਰਾਜਪਾਲ ’ਤੇ ਕੋਈ ਅਸਰ ਨਾ ਹੋਇਆ। ਨੌਵੀਂ ਜਮਾਤ ਦੇ ਸਤੰਬਰ ਟੈਸਟ ਹੋਏ। ਰਾਜਪਾਲ ਸਾਰੇ ਹੀ ਪੇਪਰਾਂ ਵਿਚੋਂ ਫੇਲ੍ਹ ਹੋ ਗਿਆ। ਰਵਿੰਦਰ ਅੰਦਰੋਂ ਬਹੁਤ ਦੁਖੀ ਸੀ, ਪਰ ਕੀ ਕਰੇ ਰਾਜਪਾਲ ਕਿਸੇ ਦੀ ਸੁਣਦਾ ਹੀ ਨਹੀਂ ਸੀ। ਉਸ ’ਤੇ ਕੋਈ ਅਸਰ ਨਹੀਂ ਸੀ ਹੁੰਦਾ। ਰਵਿੰਦਰ ਦੇ ਸਾਰੀ ਕਲਾਸ ਵਿੱਚੋਂ ਵੱਧ ਨੰਬਰ ਆਏ। ਉਹ ਬਹੁਤ ਖ਼ੁਸ਼ ਸੀ, ਪਰ ਰਾਜਪਾਲ ਦਾ ਨਾ ਪੜ੍ਹਨਾ ਉਸ ਲਈ ਉਦਾਸੀ ਦਾ ਕਾਰਨ ਬਣ ਜਾਂਦਾ ਸੀ। ਰਵਿੰਦਰ ਦੇ ਸਾਰੇ ਨੰਬਰ ਜੋੜ ਕੇ ਇੰਚਾਰਜ ਮੈਡਮ ਨੇ ਸਾਰੀ ਕਲਾਸ ਵਿੱਚ ਦੱਸੇ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਸਾਰੀ ਕਲਾਸ ਨੇ ਤਾੜੀਆਂ ਮਾਰੀਆਂ। ਰਵਿੰਦਰ ਨੇ ਸਭ ਦਾ ਧੰਨਵਾਦ ਕੀਤਾ।

ਫੇਲ੍ਹ ਬੱਚਿਆਂ ਬਾਰੇ ਬੋਲਦਿਆਂ ਮੈਡਮ ਨੇ ਰਾਜਪਾਲ ਦੇ ਪੇਪਰ ਕੱਢ ਕੇ ਉਸ ਨੂੰ ਕੋਲ ਬੁਲਾਇਆ ਅਤੇ ਆਖਣ ਲੱਗੇ, ‘ਰਾਜਪਾਲ ਪੁੱਤਰ ਕਾਪੀਆਂ ’ਤੇ ਕੰਮ ਨਕਲ ਮਾਰ ਕੇ ਹੋ ਸਕਦਾ ਹੈ, ਪਰ ਪੇਪਰ ਵਿੱਚ ਉਹ ਨਕਲ ਕੰਮ ਨਹੀਂ ਆਉਂਦੀ। ਤੇਰੇ ਕੋਲ ਤਾਂ ਰਵਿੰਦਰ ਵਰਗਾ ਹੁਸ਼ਿਆਰ ਦੋਸਤ ਹੈ। ਤੂੰ ਤਾਂ ਕਲਾਸ ਵਿੱਚ ਵਧੀਆ ਪੁਜੀਸ਼ਨ ਪ੍ਰਾਪਤ ਕਰ ਸਕਦਾ ਹੈ। ਉੱਧਰ ਬੋਰਡ ਵੱਲ ਦੇਖ।’ ਮੈਡਮ ਨੇ ਹੱਥ ਦੇ ਇਸ਼ਾਰੇ ਨਾਲ ਬੋਲਣਾ ਸ਼ੁਰੂ ਕੀਤਾ। ਬੋਰਡ ਦੇ ਉੱਪਰ ਇੱਕ ਅੰਕ ਦੋ ਵਾਰ ਲਿਖ ਦਿੱਤਾ। ‘ਦੇਖ ਇੱਕ ਵਿੱਚੋਂ ਇੱਕ ਘਟਾ ਕੇ ਜ਼ੀਰੋ ਬਣ ਜਾਂਦੀ ਹੈ। ਇਸ ਦੀ ਨਕਲ ਕਰਕੇ ਕੰਮ ਕਰਨ ਦੀ ਆਦਤ ਨੇ ਤੈਨੂੰ ਜ਼ੀਰੋ ਬਣਾ ਦਿੱਤਾ। ਜੇਕਰ ਤੂੰ ਇਸ ਦੇ ਨਾਲ ਲੱਗ ਕੇ ਚੱਲਦਾ ਤਾਂ ਇੱਕ-ਇੱਕ ਤੇ ਦੋ ਗਿਆਰਾਂ ਬਣ ਜਾਂਦੇ। ਦੋਵੇਂ ਜਣੇ ਰਲ਼ ਕੇ ਹੋਰ ਵੀ ਵਧੀਆ ਅੰਕ ਪ੍ਰਾਪਤ ਕਰਦੇ।’ ਰਾਜਪਾਲ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਚੁੱਕਿਆ ਸੀ। ਪਛਤਾਵਾ ਉਸ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ। ਬਿਨਾਂ ਕੁੱਝ ਬੋਲੇ ਹੀ ਉਹ ਆਪਣੇ ਆਪ ਨਾਲ ਕਈ ਵਾਅਦੇ ਕਰ ਗਿਆ। ਰਵਿੰਦਰ ਨਾਲ ਰਲ਼ ਕੇ ਸਖ਼ਤ ਮਿਹਨਤ ਕਰਨ ਦਾ ਪ੍ਰਣ ਉਸ ਨੇ ਉਸੇ ਦਿਨ ਸ਼ੁਰੂ ਕਰ ਦਿੱਤਾ।

ਅੱਜ ਨਤੀਜੇ ਦਾ ਦਿਨ ਸੀ। ਦੋਵੇਂ ਦੋਸਤ ਤਿਆਰ ਹੋ ਕੇ ਚਾਵਾਂ ਨਾਲ ਸਕੂਲ ਵੱਲ ਤੁਰ ਪਏ। ਨਤੀਜਾ ਪਤਾ ਕਰਨ ਲਈ ਜਦੋਂ ਉਹ ਮੈਡਮ ਕੋਲ ਪਹੁੰਚੇ ਤਾਂ ਮੈਡਮ ਦੇ ਪੈਰੀਂ ਹੱਥ ਲਗਾ ਕੇ ਨਤੀਜੇ ਬਾਰੇ ਪੁੱਛਣ ਲੱਗੇ। ਕਮਰੇ ਵਿੱਚ ਵਿਦਿਆਰਥੀਆਂ ਦੀ ਲੱਗੀ ਲਿਸਟ ਵੱਲ ਹੱਥ ਕਰਦਿਆਂ ਮੈਡਮ ਮੁਸਕਰਾ ਕੇ ਬੋਲੇ, ‘ਬਣ ਗਏ ਨਾ ਫਿਰ ਇੱਕ-ਇੱਕ ਤੇ ਦੋ ਗਿਆਰਾਂ।’ ਰਾਜਪਾਲ ਨੇ ਰਵਿੰਦਰ ਨੂੰ ਜੱਫੀ ਪਾ ਲਈ। ਉਸ ਦੀਆਂ ਭਿੱਜੀਆਂ ਅੱਖਾਂ ਸਫਲਤਾ ਅਤੇ ਸ਼ੁਕਰਾਨੇ ਦਾ ਰਲ਼ਵਾਂ ਮਿਲਵਾਂ ਇਸ਼ਾਰਾ ਕਰ ਰਹੀਆਂ ਸਨ।