ਮਨਦੀਪ ਰਿੰਪੀ

ਵਰਿੰਦਰ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਉਹ ਆਗਿਆਕਾਰੀ, ਸਮਝਦਾਰ ਅਤੇ ਆਪਣੇ ਪਰਿਵਾਰ ਦਾ ਬਹੁਤ ਲਾਡਲਾ ਬੱਚਾ ਹੈ। ਉਸ ਦਾ ਨਾਂ ਤਾਂ ਵਰਿੰਦਰ ਹੈ, ਪਰ ਉਸ ਦੇ ਦਾਦੀ ਜੀ ਹਮੇਸ਼ਾਂ ਲਾਡ ਨਾਲ ਉਹਨੂੰ ਇੰਦੂ- ਇੰਦੂ ਕਹਿੰਦੇ ਹਨ। ਜਦੋਂ ਦਾਦੀ ਮੰਮੀ ਪਿਆਰ ਨਾਲ ਇੰਦੂ ਕਹਿੰਦੇ ਤਾਂ ਵਰਿੰਦਰ ਝੱਟ ਆਖਦਾ, ‘ਦਾਦੀ ਮਾਂ ਮੇਰਾ ਨਾਮ ਵਰਿੰਦਰ ਏ। ਮੈਨੂੰ ਇੰਦੂ ਨਾ ਕਿਹਾ ਕਰੋ। ਇੰਦੂ ਤਾਂ ਕੁੜੀਆਂ ਦਾ ਨਾਂ ਹੁੰਦਾ। ਮੇਰੀ ਜਮਾਤ ਵਿੱਚ ਵੀ ਇੱਕ ਕੁੜੀ ਦਾ ਨਾਂ ਇੰਦੂ ਹੈ। ਇਸੇ ਕਰਕੇ ਕਈ ਵਾਰ ਬੱਚੇ ਮੈਨੂੰ ਹੱਸਦੇ ਕਿ ਤੈਨੂੰ ਵੀ ਘਰ ਵਿੱਚ ਇੰਦੂ ਹੀ ਕਹਿੰਦੇ ਨੇ।’

ਦਾਦੀ ਮਾਂ ਵਰਿੰਦਰ ਦੀ ਗੱਲ ਸੁਣ ਹੱਸ ਕੇ ਪੁੱਛਦੇ, ‘ਚੱਲ ਠੀਕ ਐ। ਫਿਰ ਮੈਂ ਤੈਨੂੰ ਇੰਦਰ ਕਿਹਾ ਕਰਾਂ?’ ਦਾਦੀ ਮਾਂ ਦੀ ਗੱਲ ਸੁਣ ਕੇ ਵਰਿੰਦਰ ਹੱਸਦਾ ਹੋਇਆ ਕਹਿੰਦਾ, ‘ਠੀਕ ਐ! ਇੰਦਰ ਤਾਂ ਫੇਰ ਵੀ ਵਧੀਆ ਲੱਗਦੈ।’ ਦਾਦੀ ਪੋਤੇ ਦੀਆਂ ਗੱਲਾਂ ਸੁਣ ਵਰਿੰਦਰ ਦੀ ਮੰਮੀ ਹੱਸਦੀ ਰਹਿੰਦੀ।

ਵਰਿੰਦਰ ਦਾ ਦੋਸਤ ਅਜੇ ਵਰਿੰਦਰ ਦੇ ਘਰ ਕੋਲ ਹੀ ਰਹਿੰਦਾ ਸੀ। ਉਹ ਦੋਵੇਂ ਇਕੱਠੇ ਹੀ ਸਕੂਲ ਜਾਂਦੇ ਸਨ। ਅਜੇ ਦੇ ਜਨਮ ਦਿਨ ’ਤੇ ਉਸ ਦੇ ਪਿਤਾ ਜੀ ਨੇ ਅਜੇ ਨੂੰ ਬਹੁਤ ਸੋਹਣੀ ਸਾਈਕਲ ਲੈ ਕੇ ਦਿੱਤੀ। ਹੁਣ ਅਜੇ ਹਰ ਰੋਜ਼ ਸਾਈਕਲ ’ਤੇ ਹੀ ਸਕੂਲ ਜਾਂਦਾ ਸੀ। ਉਹ ਵਰਿੰਦਰ ਨੂੰ ਵੀ ਆਪਣੇ ਨਾਲ ਲੈ ਜਾਂਦਾ ਸੀ। ਉਸ ਨੇ ਵਰਿੰਦਰ ਨੂੰ ਵੀ ਸਾਈਕਲ ਚਲਾਉਣੀ ਸਿਖਾ ਦਿੱਤੀ।

ਅਜੇ ਦੀ ਸਾਈਕਲ ਵੇਖ ਵਰਿੰਦਰ ਦਾ ਦਿਲ ਵੀ ਸਾਈਕਲ ਲੈਣ ਨੂੰ ਕਰਨ ਲੱਗਿਆ। ਉਸ ਨੇ ਆਪਣੇ ਪਾਪਾ ਨੂੰ ਕਿਹਾ, ‘ਪਾਪਾ ਜੀ! ਮੈਨੂੰ ਵੀ ਸਾਈਕਲ ਲੈ ਦਿਓ।’ ਵਰਿੰਦਰ ਦੀ ਗੱਲ ਸੁਣ ਪਾਪਾ ਕਹਿਣ ਲੱਗੇ, ‘ਕੋਈ ਨਾ… ਪੁੱਤ! ਅਗਲੇ ਮਹੀਨੇ ਦੇਖਾਂਗੇ।’ ਪਾਪਾ ਦੀ ਗੱਲ ਸੁਣ ਖ਼ੁਸ਼ੀ ਵਿੱਚ ਵਰਿੰਦਰ ਉਂਗਲਾਂ ’ਤੇ ਦਿਨ ਗਿਣਨ ਲੱਗਾ। ਪੂਰਾ ਮਹੀਨਾ ਬਹੁਤ ਚਾਅ ਨਾਲ ਬੀਤ ਗਿਆ। ਅਗਲੇ ਮਹੀਨੇ ਦੇ ਪੰਜ ਛੇ ਦਿਨ ਵੀ ਇੰਜ ਹੀ ਲੰਘ ਗਏ। ਜਦੋਂ ਵਰਿੰਦਰ ਨੇ ਆਪਣੇ ਪਾਪਾ ਨੂੰ ਸਾਈਕਲ ਲੈਣ ਦੀ ਗੱਲ ਆਖੀ ਤਾਂ ਉਸ ਦੇ ਪਾਪਾ ਆਖਣ ਲੱਗੇ ਕੋਈ ਨਾ ਪੁੱਤ ਦੇਖਦਾ ਹਾਂ। ਇਹ ਮਹੀਨਾ ਵੀ ਸਾਈਕਲ ਦੀ ਉਡੀਕ ਵਿੱਚ ਬੀਤ ਗਿਆ। ਵਰਿੰਦਰ ਨੂੰ ਹੁਣ ਪੂਰਾ ਯਕੀਨ ਸੀ ਕਿ ਇਸ ਮਹੀਨੇ ਤਾਂ ਪਾਪਾ ਸਾਈਕਲ ਲੈ ਹੀ ਦੇਣਗੇ। ਇਹ ਮਹੀਨਾ ਵੀ ਅੱਧਾ ਹੋਣ ਨੂੰ ਆਇਆ, ਪਰ ਪਾਪਾ ਨੇ ਸਾਈਕਲ ਦੀ ਕੋਈ ਗੱਲ ਨਾ ਛੇੜੀ। ਇਹ ਵੇਖ ਵਰਿੰਦਰ ਬਹੁਤ ਉਦਾਸ ਹੋ ਗਿਆ। ਉਹ ਆਪਣੀ ਦਾਦੀ ਮਾਂ ਨੂੰ ਕਹਿਣ ਲੱਗਿਆ, ‘ਦਾਦੀ ਮਾਂ ! ਮੈਨੂੰ ਪਾਪਾ ਪਿਆਰ ਨਹੀਂ ਕਰਦੇ। ਮੈਨੂੰ ਕਿੰਨੇ ਦਿਨ ਹੋ ਗਏ ਸਾਈਕਲ ਸਾਈਕਲ ਕਰਦੇ ਹੋਏ ਨੂੰ। ਪਾਪਾ ਲਾਰੇ ਲਾਈ ਜਾਂਦੇ ਨੇ।’ ਉਸ ਦਿਨ ਵਰਿੰਦਰ ਨੇ ਰਾਤ ਨੂੰ ਰੋਟੀ ਵੀ ਨਾ ਖਾਧੀ ਅਤੇ ਬਿਨਾਂ ਕਿਸੇ ਨਾਲ ਕੋਈ ਗੱਲਬਾਤ ਕੀਤਿਆਂ ਚੁੱਪ ਚਾਪ ਸੌਂ ਗਿਆ।

ਦਾਦੀ ਮਾਂ ਨੇ ਸਾਰੀ ਗੱਲ ਉਸ ਦੇ ਪਾਪਾ ਨੂੰ ਦੱਸੀ ਅਤੇ ਕਿਹਾ ਕਿ ਔਖਾ ਸੌਖਾ ਉਸ ਨੂੰ ਸਾਈਕਲ ਲੈ ਦਏ। ਵਰਿੰਦਰ, ਪਾਪਾ ਅਤੇ ਦਾਦੀ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਹ ਜਾਣਬੁੱਝ ਕੇ ਅੱਖਾਂ ਮੀਚ ਕੇ ਪਿਆ ਸੀ। ਦਾਦੀ ਮਾਂ ਦੀ ਗੱਲ ਸੁਣ ਉਹ ਅੰਦਰ ਹੀ ਅੰਦਰ ਖ਼ੁਸ਼ ਹੋ ਗਿਆ। ਦਾਦੀ ਮਾਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ। ਮੰਮੀ ਰਸੋਈ ਦਾ ਕੰਮ ਨਿਪਟਾ ਰਹੇ ਸਨ।

ਵਰਿੰਦਰ ਦੇ ਪਾਪਾ ਨੇ ਕਿਸੇ ਨੂੰ ਫੋਨ ਲਗਾਇਆ ਅਤੇ ਆਖਣ ਲੱਗੇ, ‘ਮੈਨੂੰ ਛੇ ਕੁ ਹਜ਼ਾਰ ਰੁਪਏ ਦੀ ਬਹੁਤ ਲੋੜ ਹੈ। ਛੇਤੀ ਹੀ ਮੋੜ ਦਿਆਂਗਾ। ਜੇ ਨਾ ਵਾਪਸ ਕਰ ਸਕਿਆ ਤਾਂ ਮੇਰਾ ਸਕੂਟਰ ਰੱਖ ਲੈਣਾ।’ ਪਾਪਾ ਦੀਆਂ ਗੱਲਾਂ ਸੁਣ ਵਰਿੰਦਰ ਬਹੁਤ ਹੈਰਾਨ ਹੋਇਆ। ਉਸ ਨੂੰ ਆਪਣੇ ਪਾਪਾ ਦੀ ਮਜਬੂਰੀ ਦਾ ਅਹਿਸਾਸ ਹੋਇਆ। ਉਹ ਆਪਣੇ ਪਾਪਾ ਬਾਰੇ ਸੋਚਦਾ ਸੋਚਦਾ ਸੌਂ ਗਿਆ।

ਅਗਲੇ ਦਿਨ ਸਵੇਰੇ ਜਦੋਂ ਉਹ ਸਕੂਲ ਨੂੰ ਤਿਆਰ ਹੋ ਰਿਹਾ ਸੀ ਤਾਂ ਉਸ ਦੇ ਪਾਪਾ ਕਹਿਣ ਲੱਗੇ, ‘ਇੰਦਰ! ਅੱਜ ਤੈਨੂੰ ਨਵੀਂ ਸਾਈਕਲ ਮਿਲ ਜਾਵੇਗੀ।’ ਪਾਪਾ ਦੀ ਗੱਲ ਸੁਣ ਕੇ ਵਰਿੰਦਰ ਥੋੜ੍ਹੀ ਦੇਰ ਚੁੱਪ ਰਿਹਾ ਅਤੇ ਫਿਰ ਕਹਿਣ ਲੱਗਿਆ, ‘ਨਹੀਂ ਪਾਪਾ! ਹਾਲੇ ਮੈਨੂੰ ਸਾਈਕਲ ਨਹੀਂ ਚਾਹੀਦੀ।’ ਵਰਿੰਦਰ ਦੀ ਗੱਲ ਸੁਣ ਕੇ ਉਸ ਦੇ ਪਾਪਾ ਅਤੇ ਦਾਦੀ ਮਾਂ ਬਹੁਤ ਹੈਰਾਨ ਹੋਏ। ਫਿਰ ਦਾਦੀ ਮਾਂ ਕਹਿਣ ਲੱਗੇ, ‘ਕਿੰਨੇ ਦਿਨ ਤੋਂ ਤਾਂ ਤੂੰ ਸਾਡੀ ਜਾਨ ਖਾਧੀ ਹੋਈ ਹੈ ਕਿ ਮੈਨੂੰ ਸਾਈਕਲ ਲੈ ਕੇ ਦਿਓ। ਹੁਣ ਰਾਤੋ ਰਾਤ ਕੀ ਹੋ ਗਿਆ?’ ਦਾਦੀ ਮਾਂ ਦੀ ਗੱਲ ਸੁਣ ਵਰਿੰਦਰ ਦੀਆਂ ਅੱਖਾਂ ਭਰ ਆਈਆਂ। ਉਸ ਨੇ ਆਪਣੇ ਪਾਪਾ ਨੂੰ ਘੁੱਟ ਕੇ ਜੱਫ਼ੀ ਪਾ ਲਈ ਅਤੇ ਕਹਿਣ ਲੱਗਿਆ, ‘ਪਾਪਾ! ਮੈਨੂੰ ਸਾਈਕਲ ਚਾਹੀਦੀ। ਜਦੋਂ ਤੁਹਾਡੇ ਕੋਲ ਪੈਸੇ ਹੋਏ ਉਦੋਂ ਲੈ ਦਿਓ, ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਪਣਾ ਸਕੂਟਰ ਕਿਸੇ ਨੂੰ ਦੇ ਕੇ ਮੈਨੂੰ ਸਾਈਕਲ ਲੈ ਕੇ ਦਿਓ। ਤੁਹਾਡੇ ਸਕੂਟਰ ਅਤੇ ਤੁਹਾਡੀਆਂ ਖ਼ੁਸ਼ੀਆਂ ਨਾਲ ਮੈਂ ਬਿਨਾਂ ਸਾਈਕਲ ਤੋਂ ਵੀ ਬਹੁਤ ਖ਼ੁਸ਼ ਹਾਂ।’ ਵਰਿੰਦਰ ਦੀ ਗੱਲ ਸੁਣ ਕੇ ਉਸ ਦੇ ਪਾਪਾ-ਮੰਮੀ ਅਤੇ ਦਾਦੀ ਮਾਂ ਸਾਰੇ ਬਹੁਤ ਖ਼ੁਸ਼ ਹੋ ਗਏ।

ਹੁਣ ਵਰਿੰਦਰ ਰੋਜ਼ ਅਜੇ ਨਾਲ ਸਕੂਲ ਜਾਂਦਾ ਸੀ, ਪਰ ਸਾਈਕਲ ਦੀ ਕਦੇ ਜ਼ਿੱਦ ਨਹੀਂ ਸੀ ਕਰਦਾ। ਵਰਿੰਦਰ ਦੇ ਪਾਪਾ ਨੇ ਹਰ ਮਹੀਨੇ ਥੋੜ੍ਹੇ ਥੋੜ੍ਹੇ ਰੁਪਏ ਬਚਾ ਕੇ ਰੱਖਣੇ ਸ਼ੁਰੂ ਕਰ ਦਿੱਤੇ ਅਤੇ ਛੇਤੀ ਹੀ ਨਵੀਂ ਸਾਈਕਲ ਲਿਆ ਕੇ ਵਿਹੜੇ ਵਿੱਚ ਖੜ੍ਹੀ ਕਰ ਦਿੱਤੀ। ਜਦੋਂ ਵਰਿੰਦਰ ਸਕੂਲ ਤੋਂ ਘਰ ਆਇਆ ਤਾਂ ਉਹ ਸਾਈਕਲ ਵੇਖ ਕੇ ਬਹੁਤ ਖ਼ੁਸ਼ ਹੋਇਆ।