ਬਾਲੀ:ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ ਵਿਚ ਸੰਘਰਸ਼ਪੂਰਨ ਜਿੱਤ ਦਰਜ ਕੀਤੀ ਜਦਕਿ ਬੀ. ਸਾਈ ਪ੍ਰਣੀਤ ਤੇ ਕਿਦਾਂਬੀ ਸ੍ਰੀਕਾਂਤ ਨੇ ਵੀ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿਚ ਦਾਖਲਾ ਹਾਸਲ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਜਾਪਾਨ ਦੀ ਅਯਾ ਓਹੋਰੀ ਖ਼ਿਲਾਫ਼ ਪਹਿਲੀ ਗੇਮ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ। ਉਸਨੇ ਤਿੰਨ ਗੇਮ ਤੱਕ ਚੱਲੇ ਮੈਚ ਵਿਚ ਇਕ ਘੰਟਾ 10 ਮਿੰਟ ’ਚ ਓਹੋਰੀ ਨੂੰ 17-21, 21-17, 21-17 ਨਾਲ ਹਰਾਇਆ ਤੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਇਸ ਜਿੱਤ ਨਾਲ ਸਿੰਧੂ ਨੇ ਜਾਪਾਨੀ ਖਿਡਾਰੀ ਖ਼ਿਲਾਫ਼ ਆਪਣੇ ਪ੍ਰਭਾਵਸ਼ਾਲੀ ਰਿਕਾਰਡ ਨੂੰ 11-0 ਉਤੇ ਪਹੁੰਚਾ ਦਿੱਤਾ। ਸਿੰਧੂ ਅਗਲੇ ਗੇੜ ਵਿਚ ਜਰਮਨੀ ਦੀ 23 ਸਾਲਾ ਯਵੋਨ ਲੀ ਦਾ ਸਾਹਮਣਾ ਕਰੇਗੀ। ਤੀਜਾ ਦਰਜਾ ਪ੍ਰਾਪਤ ਭਾਰਤੀ ਤੇ ਦੁਨੀਆ ਦੇ 26ਵੇਂ ਨੰਬਰ ਦੇ ਖਿਡਾਰੀ ਲੀ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। ਪੁਰਸ਼ ਸਿੰਗਲਜ਼ ਵਿਚ ਪ੍ਰਣੀਤ ਨੇ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਉਤੇ 21-19, 21-18 ਨਾਲ ਜਿੱਤ ਦਰਜ ਕੀਤੀ।