ਨਵੀਂ ਦਿਲੀ, 14 ਜਨਵਰੀ

ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਐੱਚ.ਐੱਸ.ਪ੍ਰਣਯ ਦੀ ਮਿਕਸਡ ਡਬਲਜ਼ ਜੋੜੀ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਦੂਜੇ ਪਾਸੇ ਮਾਲਵਿਕਾ ਬੰਸੌੜ ਨੇ ਸਾਇਨਾ ਨੇਹਵਾਲ ਨੂੰ ਹਰਾਇਆ। ਸਾਬਕਾ ਚੈਂਪੀਅਨ ਅਤੇ 2012 ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੂੰ 20 ਸਾਲ ਦੀ ਮਾਲਵਿਕਾ ਬੰਸੌੜ ਨੇ 21-17, 21-9 ਨਾਲ ਹਰਾਇਆ। ਵਿਸ਼ਵ ਦਰਜਾਬੰਦੀ ਵਿੱਚ 111ਵੇਂ ਸਥਾਨ ’ਤੇ ਕਾਬਜ਼ ਬੰਸੌੜ ਨੇ ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਨੂੰ ਹਰਾਉਣ ਲਈ 34 ਮਿੰਟ ਲਾਏ। ਬੰਸੌੜ ਨੇ ਕਿਹਾ ਕਿ ਸਾਇਨਾ ਨੇਹਵਾਲ ਨਾਲ ਇਹ ਉਸ ਦਾ ਪਹਿਲਾ ਮੁਕਾਬਲਾ ਸੀ। ਇਸ ਤੋਂ ਪਹਿਲਾਂ ਸਿੰਧੂ ਨੇ ਹਮਵਤਨ ਈਰਾ ਸ਼ਰਮਾ ਨੂੰ 21-10, 21-10 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਅਸ਼ਮਿਤਾ ਚਾਲਿਹਾ ਨਾਲ ਹੋਵੇਗਾ, ਜਿਸ ਨੇ ਯਾਇਲੇ ਹੋਯਾਓ ਨੂੰ 21-17, 21-14 ਨਾਲ ਹਰਾਇਆ। ਬੰਸੌੜ ਦਾ ਹੁਣ ਮੁਕਾਬਲਾ ਭਾਰਤ ਦੀ ਆਕਰਸ਼ੀ ਕਸ਼ਯਪ ਨਾਲ ਹੋਵੇਗਾ। ਪ੍ਰਣਯ ਦਾ ਮੁਕਾਬਲਾ ਲਕਸ਼ੇ ਸੇਨ ਅਤੇ ਸਵੀਡਨ ਦੇ ਫੇਲਿਕਸ ਬੁਸਟੇਟ ਨਾਲ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।