ਓਟਵਾ, 30 ਮਾਰਚ : ਕੈਨੇਡਾ ਨੂੰ ਇਸ ਹਫਤੇ ਨਵੀਂ ਕੋਵਿਡ-19 ਵੈਕਸੀਨ ਡੋਜ਼ਾਂ ਦੀ ਨਵੀਂ ਖੇਪ ਹਾਸਲ ਹੋਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਫਾਰਮਾਸਿਊਟੀਕਲਜ਼ ਕੰਪਨੀਆਂ ਤੋਂ ਕੈਨੇਡਾ ਨੂੰ 3·3 ਮਿਲੀਅਨ ਸ਼ੌਟਸ ਹਾਸਲ ਹੋਣਗੇ।
ਤਿੰਨ ਵੱਖ ਵੱਖ ਸਰੋਤਾਂ ਤੋਂ ਮਿਲਣ ਵਾਲੀ ਵੈਕਸੀਨ ਕਾਰਨ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਹਫਤੇ ਮਿਲਣ ਵਾਲੀ ਇਹ ਸੱਭ ਤੋਂ ਵੱਡੀ ਡਲਿਵਰੀ ਦੀ ਖੇਪ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਇਸ ਹਫਤੇ 1·2 ਮਿਲੀਅਨ ਡੋਜ਼ਾਂ ਦੇ ਨੇੜੇ ਤੇੜੇ ਹਾਸਲ ਹੋਣਗੀਆਂ। ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਲਗਾਤਾਰ ਕੈਨੇਡਾ ਨੂੰ ਸ਼ੌਟਸ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਫੈਡਰਲ ਸਰਕਾਰ ਨੂੰ ਮੰਗਲਵਾਰ ਨੂੰ ਅਮਰੀਕਾ ਤੋਂ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਇਹ ਡੋਜ਼ਾਂ ਟਰੱਕ ਰਾਹੀਂ ਕੈਨੇਡਾ ਪਹੁੰਚਣਗੀਆਂ। ਹੁਣ ਤੱਕ ਕੈਨੇਡਾ ਦੀ ਵੈਕਸੀਨ ਯੂਰਪ ਤੋਂ ਆਉਂਦੀ ਰਹੀ ਹੈ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਿਰਫ 500,000 ਐਸਟ੍ਰਾਜ਼ੈਨੇਕਾ ਡੋਜ਼ਾਂ ਭਾਰਤ ਤੋਂ ਆਈਆਂ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਹਫਤੇ ਵੀਰਵਾਰ ਨੂੰ ਮੌਡਰਨਾ ਵੱਲੋਂ 600,000 ਸ਼ੌਟਸ ਕੈਨੇਡਾ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੈ।