ਵਾਸ਼ਿੰਗਟਨ, 6 ਅਗਸਤ

ਰੁਜ਼ਗਾਰ ਅਧਾਰਤ ਕਰੀਬ ਇਕ ਲੱਖ ਗ੍ਰੀਨ ਕਾਰਡ ਦੋ ਮਹੀਨਿਆਂ ਦੇ ਅੰਦਰ ਬਰਬਾਦ ਹੋਣ ਦਾ ਖਤਰਾ ਹੈ। ਇਸ ਕਾਰਨ ਭਾਰਤੀ ਆਈਟੀ ਪੇਸ਼ੇਵਰ ਨਾਰਾਜ਼ ਹਨ, ਜਿਨ੍ਹਾਂ ਦੀ ਕਾਨੂੰਨੀ ਸਥਾਈ ਨਿਵਾਸ ਦੀ ਉਡੀਕ ਹੁਣ ਦਹਾਕਿਆਂ ਤੱਕ ਵੱਧ ਗਈ ਹੈ। ਗ੍ਰੀਨ ਕਾਰਡ ਅਧਿਕਾਰਤ ਤੌਰ ’ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਸੰਦੀਪ ਪਵਾਰ ਨੇ ਦੱਸਿਆ ਕਿ ਪਰਵਾਸੀਆਂ ਲਈ ਇਸ ਸਾਲ ਰੁਜ਼ਗਾਰ ਅਧਾਰਤ ਕੋਟਾ 2,61,500 ਹੈ, ਜੋ 140,000 ਦੇ ਆਮ ਕੋਟੇ ਨਾਲੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਨੂੰਨ ਤਹਿਤ ਜੇ ਇਹ ਵੀਜ਼ੇ 30 ਸਤੰਬਰ ਤੱਕ ਜਾਰੀ ਨਹੀਂ ਕੀਤੇ ਜਾਂਦੇ ਤਾਂ ਉਹ ਸਦਾ ਲਈ ਖਤਮ ਹੋ ਜਾਂਦੇ ਹਨ, ਉਨ੍ਹਾਂ ਕਿਹਾ ਕਿ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਾਂ ਯੂਐੱਸਸੀਆਈਐੱਸ ਦੁਆਰਾ ਵੀਜ਼ਾ ਪ੍ਰਕਿਰਿਆ ਦੀ ਮੌਜੂਦਾ ਰਫ਼ਤਾਰ ਦਰਸਾਉਂਦੀ ਹੈ ਕਿ ਉਹ 100,000 ਤੋਂ ਵੱਧ ਗ੍ਰੀਨ ਕਾਰਡਾਂ ਨੂੰ ਬੇਕਾਰ ਕਰ ਦੇਣਗੇ।