ਓਟਵਾ, 6 ਅਕਤੂਬਰ : ਐਨਡੀਪੀ ਕਾਕਸ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਉਨ੍ਹਾਂ ਦੇ ਆਗੂ ਜਗਮੀਤ ਸਿੰਘ ਵੱਲੋਂ ਮੂਲਵਾਸੀ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਲਈ ਆਪਣੇ ਮੈਂਬਰਾਂ ਨੂੰ ਤਿਆਰ ਕੀਤਾ ਜਾਵੇਗਾ। ਇਹ ਵੀ ਕਨਸੋਆਂ ਹਨ ਕਿ ਜਗਮੀਤ ਸਿੰਘ ਪੀਣ ਵਾਲੇ ਸਾਫ ਪਾਣੀ ਸਮੇਤ ਮੂਲਵਾਸੀ ਲੋਕਾਂ ਨਾਲ ਜੁੜੇ ਹੋਰਨਾਂ ਮਾਮਲਿਆਂ ਨੂੰ ਇਸ ਪਾਰਲੀਆਮੈਂਟ ਵਿੱਚ ਤਰਜੀਹੀ ਤੌਰ ਉੱਤੇ ਉਠਾਉਣਗੇ।
ਚੋਣਾਂ ਤੋਂ ਬਾਅਦ ਨਿਊ ਡੈਮੋਕ੍ਰੈਟ ਐਮਪੀਜ਼ ਦੀ ਪਹਿਲੀ ਮੀਟਿੰਗ ਬੁੱਧਵਾਰ ਦੁਪਹਿਰ ਨੂੰ ਓਟਵਾ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਕਾਕਸ ਮੀਟਿੰਗ ਵਿੱਚ ਪੰਜ ਨਵੇਂ ਐਮਪੀਜ਼ ਦੀ ਜਾਣ-ਪਛਾਣ ਕਰਵਾਈ ਜਾਵੇਗੀ। ਇਨ੍ਹਾਂ ਵਿੱਚ ਮੈਟਿਸ ਆਗੂ ਬਲੇਕ ਡੈਸਜ਼ਾਰਲਾਇਸ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਐਡਮੰਟਨ ਗ੍ਰੇਅਸਬੈਕ ਤੋਂ ਟੋਰੀ ਐਮਪੀ ਨੂੰ ਹਰਾਇਆ।ਇਸ ਵਾਰੀ ਪਿਛਲੀ ਵਾਰੀ ਦੇ ਮੁਕਾਬਲੇ ਐਨਡੀਪੀ ਦੇ 25 ਐਮਪੀਜ਼ ਵਿਧਾਨਸਭਾ ਜਾਣਗੇ। ਪਹਿਲਾਂ ਨਾਲੋਂ ਇੱਕ ਵੱਧ।
ਪਰ ਜਗਮੀਤ ਸਿੰਘ ਤੋਂ ਕਾਕਸ ਦੇ ਕੁੱਝ ਐਮਪੀਜ਼ ਵੱਲੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ ਕਿ ਚੋਣ ਕੈਂਪੇਨ ਉੱਤੇ 25 ਮਿਲੀਅਨ ਡਾਲਰ ਖਰਚਣ ਵਾਲੀ ਐਨਡੀਪੀ ਕੈਨੇਡਾ ਭਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਕਿਉਂ ਨਹੀਂ ਵਿਖਾ ਸਕੀ। ਜਗਮੀਤ ਸਿੰਘ ਦੀ ਹਰਮਨਪਿਆਰਤਾ ਦੀ ਰੇਟਿੰਗ ਦੇ ਗ੍ਰਾਫ ਨੂੰ ਜੇ ਵੇਖਿਆ ਜਾਵੇ ਤਾਂ ਗ੍ਰੇਟਰ ਟੋਰਾਂਟੋ ਏਰੀਆ ਤੇ ਕਿਊਬਿਕ ਵਿੱਚ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਐਨਡੀਪੀ ਵੱਲੋਂ ਇਹ ਪਤਾ ਲਾਉਣ ਲਈ ਮੁਲਾਂਕਣ ਕੀਤਾ ਜਾਵੇਗਾ ਕਿ ਆਖਿਰ ਉਨ੍ਹਾਂ ਦੀ ਕੈਂਪੇਨ ਵਿੱਚ ਕਮੀਆਂ ਕਿੱਥੇ ਰਹਿ ਗਈਆਂ।ਪਰ ਐਨਡੀਪੀ ਮਾਹਿਰਾਂ ਦਾ ਕਹਿਣਾ ਹੈ ਕਿ ਅੰਦਰਖਾਤੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀਆਂ ਉੱਠ ਰਹੀਆਂ ਸੁਰਾਂ ਦੇ ਬਾਵਜੂਦ ਜਗਮੀਤ ਸਿੰਘ ਦੀ ਲੀਡਰਸਿ਼ਪ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ।