ਮੁੰਬਈ:ਅਦਾਕਾਰਾ ਇਸ਼ਿਤਾ ਦੱਤਾ ਦਾ ਕਹਿਣਾ ਹੈ ਕਿ ਅਜੈ ਦੇਵਗਨ ਕਰਕੇ ਹੀ ਉਹ ਵਤਸਲ ਸੇਠ ਨੂੰ ਮਿਲੀ, ਜਿਸ ਨਾਲ ਬਾਅਦ ਵਿੱਚ ਉਸ ਨੇ ਵਿਆਹ ਕਰਵਾਇਆ। ਇਸ ਵਾਰ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਫਿਲਮ ‘ਦ੍ਰਿਸ਼ਯਮ-2’ ਦੀ ਸਟਾਰ ਕਾਸਟ ਪ੍ਰਮੋਸ਼ਨ ਲਈ ਆਈ, ਜਿਸ ਵਿੱਚ ਅਦਾਕਾਰਾ ਇਸ਼ਿਤਾ ਦੱਤਾ ਤੋਂ ਇਲਾਵਾ ਅਦਾਕਾਰ ਅਜੈ ਦੇਵਗਨ, ਤੱਬੂ, ਸ਼੍ਰੀਆ ਸਰਨ ਤੇ ਮਰੂਨਲ ਜਾਧਵ ਵੀ ਪਹੁੰਚੇ। ਹੁਣ ਤੱਕ ਕਈ ਫਿਲਮਾਂ ਤੇ ਟੀਵੀ ਸ਼ੋਅ ਕਰ ਚੁੱਕੀ 32 ਸਾਲਾ ਅਦਾਕਾਰਾ ਨੇ ਤੇਲਗੂ ਫਿਲਮ ‘ਚਾਣਿਕਯਦੂ’ ਰਾਹੀਂ ਫਿਲਮ ਜਗਤ ਵਿੱਚ ਪੈਰ ਧਰਿਆ। ਉਸ ਦੀ ਪਹਿਲੀ ਕੰਨੜ ਫਿਲਮ ਸੀ ‘ਯੇਨਿਡੂ ਮਨਸਾਲੀ’। ਇਸ਼ਿਤਾ ਨੇ ਹਿੰਦੀ ਫਿਲਮਾਂ ਵੀ ਕੀਤੀਆਂ ਹਨ, ਜਿਨ੍ਹਾਂ ਵਿੱਚ ‘ਫਿਰੰਗੀ’, ‘ਸੈਟਰਜ਼’ ਤੇ ‘ਬਲੈਂਕ’ ਸ਼ਾਮਲ ਹਨ, ਪਰ 2015 ਵਿੱਚ ਆਈ ‘ਦ੍ਰਿਸ਼ਯਮ’ ਨੇ ਬੌਲੀਵੁੱਡ ਵਿੱਚ ਉਸ ਨੂੰ ਚੰਗੀ ਪਛਾਣ ਦਿਵਾਈ। ਹੁਣ ਇਸ਼ਿਤਾ ‘ਦ੍ਰਿਸ਼ਯਮ-2’ ਵਿੱਚ ਵੀ ਨਜ਼ਰ ਆਵੇਗੀ। ਫਿਲਮਾਂ ਤੋਂ ਇਲਾਵਾ ਅਦਾਕਾਰਾ ‘ੲੇਕ ਘਰ ਬਨਾਊਂਗਾ’, ‘ਬੇਪਨਾਹ’, ‘ਨੱਚ ਬੱਲੀਏ-6’ ਅਤੇ ‘ਬਿੱਗ ਬਾਸ-13’ ਵਿੱਚ ਵੀ ਨਜ਼ਰ ਆਈ ਹੈ। ਸ਼ੋਅ ਮੌਕੇ ਜਦੋਂ ਕਪਿਲ ਸ਼ਰਮਾ ਨੇ ਇਸ਼ਿਤਾ ਨੂੰ ਪੁੱਛਿਆ ਕਿ ਉਹ ਆਪਣੇ ਪਤੀ ਵਤਸਲ ਨੂੰ ਕਿਵੇਂ ਮਿਲੀ ਸੀ ਤਾਂ ਇਸ਼ਿਤਾ ਨੇ ਦੱਸਿਆ ਕਿ ਉਹ ਅਜੈ ਦੇਵਗਨ ਰਾਹੀਂ ਵਤਸਲ ਨੂੰ ਮਿਲੀ ਸੀ, ਜਿਸ ਮਗਰੋਂ ਦੋਵੇਂ ਚੰਗੇ ਦੋਸਤ ਬਣੇ ਤੇ ਉਨ੍ਹਾਂ ਵਿਆਹ ਕਰਵਾਇਆ। ਇਸ਼ਿਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਵਿਆਹ ਵਿੱਚ ਅਜੈ ਦੇਵਗਨ ਮੁੰਡੇ ਵਾਲਿਆਂ ਵੱਲੋਂ ਸ਼ਾਮਲ ਹੋਇਆ ਸੀ।