ਚੰਡੀਗੜ੍ਹ:ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਧੀ ਇਰਾ ਖਾਨ ਪਿਛਲੇ ਹਫ਼ਤੇ 25 ਵਰ੍ਹਿਆਂ ਦੀ ਹੋ ਗਈ ਹੈ। ਇਰਾ ਨੇ ਆਪਣੇ ਜਨਮ ਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਸ ਨੇ ‘ਬਿਕਨੀ’ ਪਹਿਨੀ ਹੋਈ ਹੈ। ਇਹ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਰਾ ਖ਼ਾਨ ਤੇ ਉਸ ਦੇ ਪਿਤਾ ਦੀ ਤਿੱਖੀ ਆਲੋਚਨਾ ਕੀਤੀ। ਲੋਕ ਖਫ਼ਾ ਸਨ ਕਿ ਇਰਾ ਨੇ ਆਪਣੇ ਪਿਤਾ ਦੀ ਮੌਜੂਦਗੀ ’ਚ ਅਜਿਹੇ ਕੱਪੜੇ ਕਿਉਂ ਪਹਿਨੇ ਹਨ। ਪਰ ਆਲੋਚਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੱਲ੍ਹ ਇਰਾ ਨੇ ਉਸ ਪਾਰਟੀ ਦੀਆਂ ਕੁਝ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਨਵੀਆਂ ਤਸਵੀਰਾਂ ਵਿੱਚ ਇਰਾ ਨਾਲ ਫਾਤਿਮਾ ਸਨਾ ਸ਼ੇਖ ਵੀ ਦਿਖਾਈ ਦੇ ਰਹੀ ਹੈ, ਜਿਸ ਦਾ ਨਾਮ ਆਮਿਰ ਖ਼ਾਨ ਨਾਲ ਜੋੜਿਆ ਜਾਂਦਾ ਰਿਹਾ ਹੈ। ਇਰਾ ਨੇ ਆਖਿਆ, ‘ਜੇਕਰ ਸਾਰੇ ਮੇਰੀਆਂ ਤਸਵੀਰਾਂ ਦੀ ਆਲੋਚਨਾ ਕਰ ਕੇ ਥੱਕ ਗਏ ਹੋਣ ਤਾਂ ਕੁਝ ਨਵੀਆਂ ਤਸਵੀਰਾਂ ਹਾਜ਼ਰ ਹਨ।’