ਪੈਰਿਸ, 31 ਜਨਵਰੀ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਆਪਣੇ ਇਰਾਨੀ ਹਮਰੁਤਬਾ ਇਬਰਾਹਿਮ ਰਾਇਸੀ ਨੂੰ ਕਿਹਾ ਕਿ ਇਰਾਨ ’ਤੇ ਉਸ ਦੀਆਂ ਪ੍ਰਮਾਣੂ ਸਰਗਰਮੀਆਂ ਕਾਰਨ ਲੱਗੀਆਂ ਪਾਬੰਦੀਆਂ ਹਟਾਉਣੀਆਂ ਹਾਲੇ ਵੀ ਸੰਭਵ ਹਨ, ਪਰ ਇਸ ਲਈ ਗੱਲਬਾਤ ਤੇਜ਼ ਕਰਨ ਦੀ ਲੋੜ ਹੈ। ਇਹ ਜਾਣਕਾਰੀ ਅੱਜ ਮੈਂਕਰੌਂ ਦੇ ਦਫ਼ਤਰ ਵੱਲੋਂ ਦਿੱਤੀ ਗਈ। 

ਫਰਾਂਸ, ਜਰਮਨੀ ਤੇ ਬਰਤਾਨੀਆ, ਜਿਨ੍ਹਾਂ ਨੂੰ ਈ-3 ਵਜੋਂ ਜਾਣਿਆ ਜਾਂਦਾ ਹੈ, ਅਤੇ ਅਮਰੀਕਾ ਵੱਲੋਂ ਇਰਾਨ ਨਾਲ 2015 ਦੀ ਵਿਆਨਾ ਸੰਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੱਛਮੀ ਕੂਟਨੀਤਕਾਂ ਨੇ ਕਿਹਾ ਗੱਲਬਾਤ, ਜਿਹੜੀ 27 ਦਸੰਬਰ ਤੱਕ 8ਵੇਂ ਗੇੜ ਵਿੱਚ ਸੀ, ਹੌਲੀ-ਹੌਲੀ ਅੱਗੇ ਵਧ ਰਹੀ ਹੈ। ਇਰਾਨ, ਪੱਛਮੀ ਤਾਕਤਾਂ ਵੱਲੋਂ ਥੋਪੀ ਕਿਸੇ ਵੀ ਡੈੱਡਲਾਈਨ ਨੂੰ ਰੱਦ ਕਰ ਚੁੱਕਾ ਹੈ। 

ਰਾਇਸੀ ਨਾਲ ਸ਼ਨਿਚਰਵਾਰ ਨੂੰ ਫੋਨ ’ਤੇ ਗੱਲਬਾਤ ਮਗਰੋਂ ਐਲਿਸੀ ਪੈਲੇਸ ਵੱਲੋਂ  ਇੱਕ ਬਿਆਨ ਰਾਹੀਂ ਦੱਸਿਆ ਗਿਆ, ‘‘ਫਰਾਂਸ ਦੇ ਰਾਸ਼ਟਰਪਤੀ ਨੇ ਆਪਣੀ ਧਾਰਨਾ ਦੁਹਰਾਈ ਹੈ ਕਿ ਹੈ ਕਿ ਇੱਕ ਕੂਟਨੀਤਕ ਹੱਲ ਸੰਭਵ ਅਤੇ ਲਾਜ਼ਮੀ ਹੈ, ਅਤੇ ਜ਼ੋਰ ਦਿੱਤਾ ਕਿ ਸਾਰੀਆਂ ਧਿਰਾਂ ਵੱਲੋਂ ਕੋਈ ਵੀ ਸਮਝੌਤਾ ਸਪੱਸ਼ਟ ਅਤੇ ਢੁੱਕਵੀਂਆਂ ਵਚਨਬੱਧਤਾਵਾਂ ਵਾਲਾ ਹੋਣਾ ਚਾਹੀਦਾ ਹੈ।’’ ਬਿਆਨ ਵਿੱਚ ਕਿਹਾ ਗਿਆ, ‘‘ਕਈ ਮਹੀਨਿਆਂ ਮਗਰੋਂ ਵਿਆਨਾ ਵਿੱਚ ਗੱਲਬਾਤ ਮੁੜ ਸ਼ੁਰੂ ਹੋਣ ਮਗਰੋਂ ਉਨ੍ਹਾਂ ਨੇ ਇਸ ਸਬੰਧੀ ਠੋਸ ਖਰੜਾ ਛੇਤੀ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।’’ ਫਰਾਂਸੀਸੀ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਰਾਨ ਨੂੰ ਉਸਾਰੂ ਪਹੁੰਚਾਉਣ ਅਤੇ ਆਪਣੀਆਂ ਵਚਨਬੱਧਤਾਵਾਂ ਪੂਰੀ ਤਰ੍ਹਾਂ     ਲਾਗੂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ        ਨੇ ਫਰੈਂਕੋ-ਇਰਾਨੀ ਵਿਦਵਾਨ ਫਰੀਬਾ      ਅਦੈਲਖਾ ਅਤੇ ਫਰਾਂਸੀਸੀ ਸੈਲਾਨੀ ਬੈਂਜਾਮਿਨ ਬਰੀਐਰੈ ਦੀ ਰਿਹਾਈ ਦੀ ਤੁਰੰਤ ਮੰਗ       ਕੀਤੀ ਹੈ। ਜ਼ਿਕਰਯੋਗ ਹੈ ਕਿ ਫਰੀਬਾ ਨੂੰ ਇਸ ਮਹੀਨੇ ਦੁਬਾਰਾ ਸਜ਼ਾ ਸੁਣਾਈ ਗਈ ਹੈ ਅਤੇ ਬੈਂਜਾਮਿਨ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਲੰਘੇ ਮੰਗਲਵਾਰ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।