ਸਿਡਨੀ, 11 ਅਕਤੂਬਰ

ਆਸਟਰੇਲੀਆ ਦੀਆਂ ਕੌਮਾਂਤਰੀ ਸਰਹੱਦਾਂ ਅਸਥਾਈ ਤੌਰ ’ਤੇ ਮੁੜ ਖੋਲ੍ਹੀਆਂ ਜਾਣਗੀਆਂ ਤਾਂ ਜੋ ਦੋ ਹਜ਼ਾਰ ਤਜਰਬੇਕਾਰ ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਦੇਸ਼ ਵਿੱਚ ਲਿਆਂਦਾ ਜਾ ਸਕੇ। ਮੁਲਕ ਵਿੱਚ ਸਿਹਤ ਸੰਭਾਲ ਸਟਾਫ ਦੀ ਘਾਟ ਦੇ ਸੰਕਟ ਨੂੰ ਟਾਲਣ ਲਈ ਇਹ ਯੋਜਨਾ ਬਣੀ ਹੈ। ਆਸਟਰੇਲੀਆ ਦੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਕਿ ਡਾਕਟਰ ਅਤੇ ਨਰਸਾਂ ਜਿਨ੍ਹਾਂ ਨੇ ਪਹਿਲਾਂ ਤੋਂ ਆਸਟਰੇਲੀਆ ਵਿੱਚ ਆਉਣ ਲਈ ਅਰਜ਼ੀ ਦਿੱਤੀ ਸੀ, ਉਨ੍ਹਾਂ ਨੂੰ ਪਹਿਲ ਦੇ ਤੌਰ ’ਤੇ ਵੀਜ਼ਾ ਮਿਲੇਗਾ। ਇਨ੍ਹਾਂ ਵਿਚ ਭਾਰਤੀ ਡਾਕਟਰ ਤੇ ਨਰਸਾਂ ਵੀ ਸ਼ਾਮਲ ਹਨ। ਆਸਟਰੇਲੀਆ ਹਰੇਕ ਸਾਲ ਲੋੜ ਅਨੁਸਾਰ ਸਿੱਖਿਅਤ ਆਵਾਸ ਯੋਜਨਾ (ਐੱਸਓਐੱਲ) ਤਹਿਤ ਪੀਆਰ ਦੇ ਪੱਕੇ ਵੀਜ਼ੇ ਰਾਹੀਂ ਵਿਦੇਸ਼ਾਂ ਤੋਂ ਹੁਨਰਮੰਦਾਂ ਨੂੰ ਆਵਾਸ ਦਿੰਦਾ ਹੈ।

ਸਿਡਨੀ ਅਤੇ ਮੈਲਬੌਰਨ ਦੇ ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਨਾਲ ਭਰੇ ਹੋਏ ਹਨ। ਅਗਲੇ ਛੇ ਮਹੀਨਿਆਂ ਵਿੱਚ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚ ਉਪ ਨਗਰ, ਖੇਤਰੀ ਹਸਪਤਾਲਾਂ ਅਤੇ ਜਨਰਲ ਕਲੀਨਿਕਾਂ ਦਾ ਸੁਧਾਰ ਕਰਨਾ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਪ੍ਰਮੁੱਖ ਸੂਬੇ ਨਿਊ ਸਾਊਥ ਵੇਲਜ਼ ਤੋਂ ਬਾਅਦ ਵਿਕਟੋਰੀਆ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਡੈਲਟਾ ਦਾ ਕਹਿਰ ਹੈ। ਪਿਛਲੇ ਚਾਰ ਮਹੀਨਿਆਂ ਤੋਂ ਸਿਡਨੀ ਵਿੱਚ ਤਾਲਾਬੰਦੀ ਹੈ। ਸੂਬੇ ’ਚ ਪਹਿਲੀ ਕੋਵਿਡ ਵੈਕਸੀਨ ਦੀ ਖੁਰਾਕ 90 ਫੀਸਦ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਕੁਝ ਖੇਤਰਾਂ ’ਚ ਸਿਡਨੀ 11 ਅਕਤੂਬਰ ਨੂੰ ਖੁੱਲ੍ਹ ਰਿਹਾ ਹੈ।